ਸਿਵਲ ਹਸਪਤਾਲ ਦਾਖ਼ਲ
ਗੁਰਦਾਸਪੁਰ, 2 ਫਰਵਰੀ : ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਰੀਬ 10 ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਬੱਚਿਆਂ ਨੂੰ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਸ਼ੁਰੂਆਤੀ ਲੱਛਣਾਂ ਤੋਂ ਇਹ ‘ਫੂਡ ਪੁਆਇਜ਼ਨਿੰਗ’ ਦਾ ਮਾਮਲਾ ਜਾਪਦਾ ਹੈ।
ਜ਼ੇਰੇ-ਇਲਾਜ ਵਿਦਿਆਰਥੀਆਂ ਨੇ ਦੱਸਿਆ ਕਿ ਰਾਤ ਕਰੀਬ 8:30 ਵਜੇ ਖਾਣਾ ਖਾਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਘਬਰਾਹਟ ਅਤੇ ਉਲਟੀਆਂ ਹੋਣ ਲੱਗੀਆਂ। ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਖਾਣੇ ਦੀ ਮਾੜੀ ਗੁਣਵੱਤਾ ਬਾਰੇ ਉਹ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਹਨ, ਪਰ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਮਾਪਿਆਂ ਅਨੁਸਾਰ ਸਕੂਲ ਦੀ ਲਾਪਰਵਾਹੀ ਕਾਰਨ ਅੱਜ ਬੱਚਿਆਂ ਦੀ ਜਾਨ ਜ਼ੋਖ਼ਮ ਵਿੱਚ ਪਈ ਹੈ।
ਸਕੂਲ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਹਸਪਤਾਲ ਪਹੁੰਚ ਕੇ ਦੱਸਿਆ ਕਿ ਉਹ ਅੱਜ ਛੁੱਟੀ ‘ਤੇ ਸਨ। ਉਨ੍ਹਾਂ ਸਕੂਲ ਵਿੱਚ ਮਾੜੇ ਖਾਣੇ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਿਆਂ ਨੂੰ ਸਾਫ਼-ਸੁਥਰਾ ਖਾਣਾ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਨੇ ਖ਼ਦਸ਼ਾ ਜਤਾਇਆ ਕਿ ਬੀਤੇ ਦਿਨ ਵਿਦਿਆਰਥੀਆਂ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ, ਜਿਸ ਦੇ ਪ੍ਰਤੀਕਰਮ (Reaction) ਵਜੋਂ ਸ਼ਾਇਦ ਸਿਹਤ ਵਿਗੜੀ ਹੋਵੇ। ਫਿਲਹਾਲ ਡਾਕਟਰਾਂ ਅਨੁਸਾਰ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ।
ਇਸ ਘਟਨਾ ਨੇ ਸਰਕਾਰੀ ਰਿਹਾਇਸ਼ੀ ਸਕੂਲਾਂ ਵਿੱਚ ਮਿਲਣ ਵਾਲੇ ਖਾਣੇ ਅਤੇ ਸਿਹਤ ਸਹੂਲਤਾਂ ਦੀ ਜਾਂਚ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
Read More : ਸਿਡਨੀ ‘ਚ ਵਾਪਰਿਆ ਦਰਦਨਾਕ ਹਾਦਸਾ : 2 ਗੱਭਰੂਆਂ ਦੀ ਮੌਤ
