ਕੇਂਦਰ ਸਰਕਾਰ ਦੇ ਨਾਲ ਹੁਣ ਮੁੱਖ ਮੰਤਰੀ ਤੋਂ ਵੀ ਨਰਾਜ਼ ਚੱਲ ਰਹੇ ਹਨ ਕਿਸਾਨ
15 ਮਾਰਚ ਨੂੰ ਚੰਡੀਗੜ੍ਹ ’ਚ ਐੱਸ. ਕੇ. ਐੱਮ. ਦੀ ਹੰਗਾਮੀ ਮੀਟਿੰਗ ਕਰਨ ਦਾ ਐਲਾਨ
ਪਟਿਆਲਾ :- ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਕਿਸਾਨ ਨਰਾਜ਼ ਹੋ ਚੁੱਕੇ ਹਨ। ਪਹਿਲਾਂ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਮੀਟਿੰਗ ’ਚ ਠੀਕ ਵਿਵਹਾਰ ਨਾ ਕਰਨਾ ਅਤੇ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਲਾਏ ਜਾਣ ਵਾਲੇ ਧਰਨੇ ਨੂੰ ਭਾਰੀ ਫੋਰਸ ਲਾ ਕੇ ਅਸਫਲ ਕਰਨ ਕਾਰਨ ਕਿਸਾਨਾਂ ਨੇ ਭਲਕੇ 10 ਮਾਰਚ ਨੂੰ ਸਵੇਰੇ 11 ਤੋਂ ਲੈ ਕੇ 3 ਵਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਠੀਆਂ ਨੂੰ ਘੇਰਨ ਦਾ ਐਲਾਨ ਕੀਤਾ ਹੈ।
ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰੇ ਰਮਿੰਦਰ ਸਿੰਘ ਪਟਿਆਲਾ ਨੇ ਆਖਿਆ ਕਿ ਕੇਂਦਰ ਸਰਕਾਰ ਤਾਂ ਕਿਸਾਨਾਂ ਨਾਲ ਲਗਾਤਾਰ ਧਕਾ ਕਰ ਹੀ ਰਹੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਕਤਰਾਉਣ ਲੱਗੇ ਹਨ। ਉਨ੍ਹਾਂ ਆਖਿਆ ਕਿ ਜਿਹੜੀਆਂ ਮੰਗਾਂ ਪੰਜਾਬ ਨਾਲ ਸਬੰਧਿਤ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਹੀ ਹੱਲ ਹੋ ਸਕਦੀਆਂ ਹਨ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਿਤ ਹਨ। ਕਿਸਾਨ ਨੇਤਾਵਾਂ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਮੀਟਿੰਗ ’ਚ ਕਿਸਾਨ ਨੇਤਾਵਾਂ ਨਾਲ ਠੀਕ ਵਤੀਰਾ ਨਾ ਕਰਨਾ ਅਤੇ ਹੁਣ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ, ਇਸ ਗੱਲ ਦਾ ਸਬੂਤ ਹਨ ਕਿ ਮੁੱਖ ਮੰਤਰੀ ਕਿਸਾਨ ਵਿਰੋਧੀ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਐੱਸ. ਕੇ. ਐੱਮ. ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲ੍ਹੀ ਡਿਬੇਟ ਦੀ ਚੁਣੌਤੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ ਮੁੱਖ ਮੰਤਰੀ ਜਦੋਂ ਮਰਜ਼ੀ ਸਮਾਂ ਅਤੇ ਤਰੀਕ ਖੁਦ ਤੈਅ ਕਰ ਲੈਣ, ਉਥੇ ਜਾ ਕੇ ਕਿਸਾਨ ਦੱਸਣਗੇ ਕਿ ਪੰਜਾਬ ਨਾਲ ਕਿਹੜੀਆਂ ਮੰਗਾਂ ਸਬੰਧਿਤ ਹਨ ਤੇ ਕੇਂਦਰ ਨਾਲ ਕਿਹੜੀਆਂ ਹਨ।
ਰਮਿੰਦਰ ਪਟਿਆਲਾ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਐੱਸ. ਕੇ. ਐੱਮ. ਨੇ ਅਗਲੀ ਰਣਨੀਤੀ ਉਲੀਕਣ ਲਈ ਚੰਡੀਗੜ੍ਹ ਵਿਖੇ ਸਾਢੇ 11 ਵਜੇ ਮੀਟਿੰਗ ਬੁਲਾ ਲਈ ਹੈ। ਉਨ੍ਹਾਂ ਆਖਿਆ ਕਿ ਕਿਸਾਨ ਕਿਸੇ ਵੀ ਤਰ੍ਹਾਂ ਆਪਣੀਆਂ ਮੰਗਾਂ ਮਨਵਾਉਣ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਨੇਤਾਵਾਂ ਨੇ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਨੂੰ ਠਰਮੇ ਨਾਲ ਸੁਣਦੇ ਅਤੇ ਉਨ੍ਹਾਂ ਦਾ ਹੱਲ ਕੱਢਦੇ ਪਰ ਇਸ ਸਮੇਂ ਕਿਸਾਨ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ।
