10ਵੀਂ ਜਮਾਤ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਦਿੱਤਾ ਬੱਚੇ ਨੂੰ ਜਨਮ

ਹੈੱਡਮਾਸਟਰ ਮੁਅੱਤਲ, ਹੋਸਟਲ ਆਪਰੇਟਰ ਦੀ ਸੇਵਾ ਵੀ ਖ਼ਤਮ

ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਦੇ ਹੋਸਟਲ ਵਿੱਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਤੋਂ ਬਾਅਦ ਹੈੱਡਮਾਸਟਰ ਅਜੀਤ ਕੁਮਾਰ ਮਡਕਾਮੀ ਅਤੇ ਅਸਿਸਟੈਂਟ ਨਰਸਿੰਗ ਐਂਡ ਮਿਡਵਾਈਫਰੀ (ਏਐਨਐਮ) ਕਵਿਤਾ ਕੁਮਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੋਸਟਲ ਸੰਚਾਲਕ ਸੁਚਿਤਰਾ ਚਰਚੀ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ।

ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਸੋਮਵਾਰ ਨੂੰ ਬੋਰਡ ਦੀ ਪ੍ਰੀਖਿਆ ਦੇਣ ਤੋਂ ਬਾਅਦ ਹੋਸਟਲ ਪਰਤੀ ਸੀ, ਜਿਸ ਤੋਂ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ। ਇਹ ਸਕੂਲ ਐਸਟੀ-ਐਸਸੀ ਵਿਕਾਸ, ਘੱਟ ਗਿਣਤੀ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੁਆਰਾ ਚਲਾਇਆ ਜਾਂਦਾ ਹੈ।

ਸਕੂਲ ਦੀ ਮੁੱਖ ਅਧਿਆਪਕਾ ਨੇ ਕਿਹਾ ਕਿ ਲੜਕੀਆਂ ਦੇ ਹੋਸਟਲ ਵਿੱਚ ਪੁਰਸ਼ਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ। ਸਾਨੂੰ ਨਹੀਂ ਪਤਾ ਕਿ ਉਹ ਗਰਭਵਤੀ ਕਿਵੇਂ ਹੋਈ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਹੋਸਟਲ ਵਿੱਚ ਰਹਿੰਦੀਆਂ ਸਾਰੀਆਂ ਵਿਦਿਆਰਥਣਾਂ ਦੇ ਹਫ਼ਤਾਵਾਰੀ ਟੈਸਟ ਕਰਵਾਉਣੇ ਪੈਂਦੇ ਹਨ। ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਸਿਹਤ ਕਰਮਚਾਰੀ ਆਪਣਾ ਕੰਮ ਨਹੀਂ ਕਰ ਰਹੇ ਸਨ। ਵਿਦਿਆਰਥਣ ਅਤੇ ਨਵਜੰਮੇ ਬੱਚੇ ਨੂੰ ਮਲਕਾਨਗਿਰੀ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਚਿਤਰਕੋਂਡਾ ਉਪਮੰਡਲ ਪੁਲਿਸ ਅਧਿਕਾਰੀ ਪ੍ਰਦੋਸ਼ ਪ੍ਰਧਾਨ ਨੇ ਦੱਸਿਆ ਕਿ ਪੋਕਸੋ ਐਕਟ ਅਤੇ ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਦਿਆਰਥਣ ਦੇ ਮਾਤਾ-ਪਿਤਾ ਨੇ ਸਕੂਲ ਪ੍ਰਸ਼ਾਸਨ ਤੋਂ ਸਵਾਲ ਕੀਤਾ ਹੈ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਬੇਟੀ ਦੇ ਗਰਭਵਤੀ ਹੋਣ ਦਾ ਪਤਾ ਕਿਵੇਂ ਨਹੀਂ ਲੱਗਾ। ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀਨਿਵਾਸ ਅਚਾਰੀਆ ਨੇ ਕਿਹਾ ਕਿ ਸੰਭਵ ਹੈ ਕਿ ਵਿਦਿਆਰਥਣ ਨੇ ਛੁੱਟੀਆਂ ਦੌਰਾਨ ਘਰ ਵਿੱਚ ਗਰਭ ਧਾਰਨ ਕੀਤਾ ਹੋਵੇ। ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *