3 ਮਾਰਚ ਤੋਂ ਫਿਰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਦੇਸ਼ ਦੇ ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਥੋੜ੍ਹਾ ਘੱਟ ਗਿਆ ਹੈ। ਹਾਲਾਂਕਿ, ਮੌਸਮ ਵਿਭਾਗ (IMD) ਦੇ ਅਨੁਸਾਰ ਅੱਜ ਰਾਤ ਇਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸਦੇ ਪ੍ਰਭਾਵ ਕਾਰਨ 3 ਮਾਰਚ ਤੋਂ ਬਾਅਦ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।
ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਸੜਕਾਂ ਅਜੇ ਵੀ ਬੰਦ ਹਨ। ਸੂਬੇ ਵਿਚ 480 ਸੜਕਾਂ ਅਤੇ 4 ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਸ਼ਨੀਵਾਰ ਸ਼ਾਮ ਤੱਕ 2 ਹਜ਼ਾਰ ਤੋਂ ਵੱਧ ਟ੍ਰਾਂਸਫਾਰਮਰ ਅਤੇ 434 ਜਲ ਸਪਲਾਈ ਸਕੀਮਾਂ ਠੱਪ ਰਹੀਆਂ। ਇਸ ਦੌਰਾਨ ਜੰਮੂ-ਕਸ਼ਮੀਰ ਵਿਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਸ਼ਨੀਵਾਰ ਨੂੰ ਸਿਰਫ਼ ਹਲਕੇ ਵਾਹਨਾਂ ਲਈ ਖੋਲ੍ਹਿਆ ਗਿਆ ਸੀ।
ਹਿਮਾਚਲ ਵਿਚ ਕੁੱਲੂ ਜ਼ਿਲ੍ਹੇ ਦੇ ਭੁੰਤਰ ਵਿਚ ਸਭ ਤੋਂ ਵੱਧ 112 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੁੱਲੂ ਜ਼ਿਲ੍ਹੇ ਦੇ ਕੋਠੀ ਵਿਚ ਸਭ ਤੋਂ ਵੱਧ 15 ਸੈਂਟੀਮੀਟਰ ਬਰਫ਼ਬਾਰੀ ਹੋਈ। ਆਈ. ਐਮ. ਡੀ. ਦੇ ਅਨੁਸਾਰ, 2 ਮਾਰਚ ਦੀ ਰਾਤ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।
3 ਮਾਰਚ ਦੀ ਸਵੇਰ ਤੋਂ ਭਾਰੀ ਮੀਂਹ ਅਤੇ ਬਰਫ਼ਬਾਰੀ ਲਈ ਇਕ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ। 6 ਮਾਰਚ ਤੋਂ ਸੂਬੇ ਦਾ ਮੌਸਮ ਬਦਲ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਗਲੇ 2 ਦਿਨਾਂ ਵਿਚ ਪੰਜਾਬ, ਰਾਜਸਥਾਨ, ਦਿੱਲੀ ਸਮੇਤ ਉੱਤਰ-ਪੱਛਮੀ ਰਾਜਾਂ ਦਾ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ।
ਗੋਆ ਅਤੇ ਕੋਂਕਣ-ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿਚ ਮੌਸਮ ਨਮੀ ਵਾਲਾ ਅਤੇ ਗਰਮ ਰਹੇਗਾ। ਕੁਝ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਵਰਗੀ ਸਥਿਤੀ ਹੋ ਸਕਦੀ ਹੈ।”