10 ਡਿਗਰੀ ਤੱਕ ਡਿੱਗਿਆ ਤਾਪਮਾਨ
ਲੁਧਿਆਣਾ : ਜੰਮੂ ਕਸ਼ਮੀਰ ਤੇ ਹਿਮਾਚਲ ’ਚ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਵਿਚਾਲੇ ਹਲਕੀ ਤੋਂ ਆਮ ਬਾਰਿਸ਼ ਹੋਈ ਜਦਕਿ ਕੁਝ ਜ਼ਿਲ੍ਹਿਆਂ ’ਚ ਬੂੰਦਾ-ਬਾਂਦੀ ਤੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹੇ। ਮੌਸਮ ’ਚ ਆਈ ਇਸ ਤਬਦੀਲੀ ਨਾਲ ਆਮ ਲੋਕਾਂ ਨੇ ਬੇਸ਼ੱਕ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪਰ ਇਸ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ।
ਬੀਤੇ ਕਈ ਦਿਨਾਂ ਤੋਂ ਚੰਗੀ ਧੁੱਪ ਕਾਰਨ ਕਿਸਾਨ ਹੁਣ ਪੱਕ ਚੁੱਕੀ ਫ਼ਸਲ ਦੀ ਵਾਢੀ ਦੀ ਤਿਆਰੀ ਕਰ ਰਹੇ ਹਨ ਤੇ ਕਈ ਥਾਈਂ ਕਿਸਾਨਾਂ ਨੇ ਵਾਢੀ ਕਰ ਕੇ ਕਣਕ ਦੀ ਫ਼ਸਲ ਖੇਤਾਂ ’ਚ ਇਕੱਠੀ ਕੀਤੀ ਹੋਈ ਹੈ। ਇਸੇ ਵਿਚਾਲੇ ਵੀਰਵਾਰ ਦੇਰ ਰਾਤ ਸ਼ੁਰੂ ਹੋਈ ਹਨੇਰੀ, ਹਲਕੀ ਬਾਰਿਸ਼ ਤੇ ਬੱਦਲਵਾਈ ਸ਼ੁੱਕਰਵਾਰ ਸ਼ਾਮ ਤੱਕ ਜਾਰੀ ਰਹੀ। ਹਾਲਾਂਕਿ ਇਸ ਨਾਲ ਕਿਤਿਓਂ ਵੀ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਇਸ ਨੇ ਕਿਸਾਨਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ।
ਹਾਲਾਂਕਿ ਮੌਸਮ ਵਿਭਾਗ ਦੇ ਅਗਾਊਂ ਅੰਦਾਜ਼ਿਆ ਮੁਤਾਬਕ ਸ਼ਨੀਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ। ਕੁਝ ਥਾਵਾਂ ’ਤੇ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। 16 ਅਪ੍ਰੈਲ ਤੋਂ ਲੂ ਚੱਲਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਬਾਰਿਸ਼ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਰਹੀ ਤੇ ਵੀਰਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ’ਚ 24 ਘੰਟੇ ਦੇ ਅੰਦਰ ਹੀ ਛੇ ਤੋਂ ਦਸ ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਪਠਾਨਕੋਟ ਵਿਚ 4.8 ਮਿਲੀਮੀਟਰ, ਅੰਮ੍ਰਿਤਸਰ ਵਿਚ 4.5 ਮਿਲੀਮੀਟਰ, ਪਟਿਆਲਾ ਵਿਚ 0.7 ਮਿਲੀਮੀਟਰ, ਫ਼ਿਰੋਜ਼ਪੁਰ ’ਚ 2.6 ਮਿਲੀਮੀਟਰ, ਜਲੰਧਰ ’ਚ 2.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਚੰਡੀਗੜ੍ਹ ’ਚ ਹਲਕੀ ਬਾਰਿਸ਼ ਹੋਈ। ਉੱਥੇ, ਲੁਧਿਆਣਾ ’ਚ ਸਵੇਰੇ ਤੇ ਸ਼ਾਮ ਬੱਦਲ ਛਾਏ ਰਹੇ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 31 ਤੋਂ 33 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ, ਪਠਾਨਕੋਟ ’ਚ 26.8 ਡਿਗਰੀ, ਹੁਸ਼ਿਆਰਪੁਰ ’ਚ 29.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।