ਨਾਭਾ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤੇ ਜਾਣ ਦੇ ਫੈਸਲੇ ਨੂੰ ਬੇਹੱਦ ਮੰਦਭਾਗਾ ਦੱਸਦੇ ਹੋਏ ਰੋਸ ਵਜੋਂ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਲਡ਼ ਚੁੱਕੇ ਵਿਸ਼ਵ ਪ੍ਰਸਿੱਧ ਪ੍ਰੀਤ ਕੰਬਾਈਨ ਤੇ ਟਰੈਕਟਰ ਨਿਰਮਾਤਾ ਕੰਪਨੀ ਦੇ ਐੱਮ. ਡੀ. ਹਰੀ ਸਿੰਘ ਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਪ੍ਰੀਤ ਇੰਡਸਟਰੀ ਦੇ ਮੁੱਖ ਦਫਤਰ ਵਿਖੇ ਰੱਖੀ ਪ੍ਰੈੱਸ ਮਿਲਣੀ ਦੌਰਾਨ ਟਕਸਾਲੀ ਅਕਾਲੀ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਹਟਾਉਣਾ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਬਿਲਕੁਲ ਖਿਲਾਫ ਫੈਸਲਾ ਹੈ ਅਤੇ ਇਕ ਸੱਚਾ ਸਿੱਖ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਨਹੀਂ ਵਿਖਾ ਸਕਦਾ ਅਤੇ ਮੌਜੂਦਾ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਦਾ ਘੋਰ ਨਿਰਾਦਰ ਹੈ।
ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਦਸੰਬਰ ਮਹੀਨੇ ਸਿੰਘ ਸਾਹਿਬਾਨ ਵੱਲੋਂ ਲਏ ਸਖਤ ਅਤੇ ਸਹੀ ਫੈਸਲਿਆਂ ਕਾਰਨ ਸਿੱਖ ਜਗਤ ਦੇ ਮਨਾਂ ’ਚ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਮੁਡ਼ ਸਤਿਕਾਰ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਸੀ ਪਰ ਹੁਣ ਜਿਸ ਢੰਗ ਨਾਲ ਦੋਵਾਂ ਜਥੇਦਾਰਾਂ ਨੂੰ ਸੇਵਾ ਮੁਕਤ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੱਤੀ ਹੈ, ਉਸ ਨਾਲ ਇਕ ਵਾਰ ਫਿਰ ਸਿੱਖ ਕੌਮ ਦੇ ਮਨਾਂ ’ਚ ਇਕ ਰੋਸ ਦੀ ਲਹਿਰ ਦਿਖਾਈ ਦੇ ਰਹੀ ਹੈ।
ਹਰੀ ਸਿੰਘ ਨੇ ਕਿਹਾ ਕਿ ਹਰ ਸੱਚੇ ਸਿੱਖ ਲਈ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਅਤੇ ਕੋਈ ਵੀ ਸਿੱਖ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਾਦਰ ਸਹਿਣ ਨਹੀਂ ਕਰ ਸਕਦਾ।
