ਐਂਬੂਲੈਂਸਾਂ ਮਰੀਜ਼ਾਂ ਨੂੰ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ’ਚ ਮਦਦ ਕਰਨਗੀਆਂ : ਰਾਜ ਸਭਾ ਮੈਂਬਰ
ਜਲੰਧਰ : ਰਾਜ ਸਭਾ ਮੈਂਬਰ ਅਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਅੱਜ ਆਪਣੇ ਐੱਮ. ਪੀ. ਲੈਂਡ ਫੰਡ ’ਚੋਂ ਸਿਵਲ ਸਰਜਨ ਦਫ਼ਤਰ ਅਤੇ ਜ਼ਿਲਾ ਰੈੱਡ ਕਰਾਸ ਸੋਸਾਇਟੀ ਨੂੰ 3 ਐਂਬੂਲੈਂਸਾਂ ਦਾਨ ਕੀਤੀਆਂ। ਇਸ ਤੋਂ ਇਲਾਵਾ ਅਪਾਹਿਜਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਰਾਜ ਸਭਾ ਮੈਂਬਰ ਨੇ ਜ਼ਿਲਾ ਰੈੱਡ ਕਰਾਸ ਸੋਸਾਇਟੀ ਨੂੰ 5 ਬੈਟਰੀ ਨਾਲ ਚੱਲਣ ਵਾਲੀਆਂ ਵ੍ਹੀਲਚੇਅਰਾਂ ਵੀ ਭੇਟ ਕੀਤੀਆਂ। ਇਹ ਵ੍ਹੀਲਚੇਅਰ ਅਪਾਹਿਜਾਂ ਦੀ ਆਸਾਨੀ ਨਾਲ ਆਵਾਜਾਈ ਲਈ ਮੱਦਦਗਾਰ ਸਾਬਤ ਹੋਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।
ਹਰਭਜਨ ਸਿੰਘ ਨੇ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਇਨ੍ਹਾਂ ’ਚੋਂ 2 ਐਂਬੂਲੈਂਸਾਂ ਸਿਵਲ ਸਰਜਨ ਦਫ਼ਤਰ ਨੂੰ ਅਤੇ 1 ਐਂਬੂਲੈਂਸ ਜ਼ਿਲਾ ਰੈੱਡ ਕਰਾਸ ਸੋਸਾਇਟੀ ਨੂੰ ਦਿੱਤੀ ਗਈ ਹੈ। ਇਹ ਐਂਬੂਲੈਂਸਾਂ ਮਰੀਜ਼ਾਂ ਨੂੰ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ’ਚ ਮਦਦ ਕਰਨਗੀਆਂ। ਭਵਿੱਖ ਵਿਚ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਜ਼ਿਲੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਉਪਲਬੱਧ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਪਹਿਲਕਦਮੀ ਲਈ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਂਬੂਲੈਂਸ ਰਾਹੀਂ ਸਮੇਂ ਸਿਰ ਹਸਪਤਾਲ ਪਹੁੰਚ ਕੇ ਮਨੁੱਖੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਨੂੰ ਹਦਾਇਤ ਕੀਤੀ ਕਿ ਉਹ ਲਾਭਪਾਤਰੀਆਂ ਨੂੰ ਵ੍ਹੀਲਚੇਅਰਾਂ ਜਲਦੀ ਪਹੁੰਚਾਉਣ। ਇਸ ਮੌਕੇ ਸਿਵਲ ਸਰਜਨ ਡਾ. ਗੁਰਮੇਲ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ-ਕਮ-ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਮਨਜਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੁਹੱਲਾ ਸਰਾਂ ਤਹਿਸੀਲ ਨਕੋਦਰ ਦੇ ਜਗਦੀਸ਼, ਪਿੰਡ ਮਾਲੋਵਾਲ ਦੀ ਸੁਖਜੀਤ ਕੌਰ, ਬਸਤੀ ਬਾਵਾ ਖੇਲ ਜਲੰਧਰ ਦੇ ਜਸਵੀਰ ਸਿੰਘ, ਪਿੰਡ ਸਿੰਧਰ ਦੇ ਅਮਰੀਕ ਸਿੰਘ ਅਤੇ ਪਿੰਡ ਕੰਗ ਕਲਾਂ ਦੇ ਯਾਦਵਿੰਦਰ ਸਿੰਘ ਨੂੰ ਇਨ੍ਹਾਂ ਵ੍ਹੀਲਚੇਅਰਾਂ ਦਾ ਲਾਭ ਮਿਲੇਗਾ।
