‘ਮੇਰਾ ਬਿੱਲ’ ਐਪ ‘ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਨ ਲਈ 3850 ਜੇਤੂਆਂ ਨੂੰ 2 ਕਰੋੜ 27 ਲੱਖ 40 ਹਜਾਰ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ- ਮੰਤਰੀ ਚੀਮਾ
ਵਿਧਾਇਕ ਭਰਾਜ ਸਮੇਤ ਵੱਡੀ ਗਿਣਤੀ ਵਿੱਚ ਚੇਅਰਮੈਨ ਅਤੇ ਹੋਰ ਸ਼ਖਸੀਅਤਾਂ ਨੇ ਵੀ ਕੀਤੀ ਸ਼ਿਰਕਤ
ਸੰਗਰੂਰ – ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਨੇ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬਡਕਰ ਦੇ ਵੱਡਮੁੱਲੇ ਯੋਗਦਾਨ ਨੂੰ ਵੀ ਸਿਜਦਾ ਕੀਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੀਆ ਜਾ ਰਹੀਆ ਵੱਖ-ਵੱਖ ਲੋਕ ਪੱਖੀ ਪਹਿਲਕਦਮੀਆਂ ਬਾਰੇ ਸਾਂਝ ਪਾਉਂਦੇ ਹੋਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵੀ ਦ੍ਰਿੜ੍ਹ ਸੰਕਲਪ ਹੈ। ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਅਤੇ ਸੂਬੇ ਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਪ੍ਰਬੰਧ ਕੀਤਾ ਹੈ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਆਪਣੀ ਖਰੀਦ ਦਾ ਬਿੱਲ ਲੈਣ ਵਾਸਤੇ ਉਤਸ਼ਾਹਿਤ ਕਰਨ ਲਈ “ਬਿੱਲ ਲਿਆਓ ਇਨਾਮ ਪਾਓ” ਸਕੀਮ ਜਾਰੀ ਕੀਤੀ ਗਈ ਹੈ ਅਤੇ ਇਸ ਯੋਜਨਾ ਤਹਿਤ ਜਨਵਰੀ 2025 ਤੱਕ ‘ਮੇਰਾ ਬਿੱਲ’ ਐਪ ‘ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਨ ਲਈ 3850 ਜੇਤੂਆਂ ਨੂੰ 2 ਕਰੋੜ 27 ਲੱਖ 40 ਹਜਾਰ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ 2023 ਤੋਂ ਸ਼ੁਰੂ ਕੀਤੀ ਗਈ ਇਸ ਸਕੀਮ ਹੇਠਾਂ ਹੁਣ ਤੱਕ 16 ਡਰਾਅ ਸਫਲਤਾਪੂਰਵਕ ਕੱਢੇ ਗਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਸਤਾਂ ਦੀ ਖਰੀਦ ਦਾ ਬਿੱਲ ਜ਼ਰੂਰ ਲੈਣ ਕਿਉਂਕਿ ਇਸ ਨਾਲ ਜਿੱਥੇ ਖਰੀਦੋ-ਫਰੋਖਤ ਦੌਰਾਨ ਹੋਣ ਵਾਲੇ ਕਿਸੇ ਧੋਖੇ ਤੋਂ ਬਚਿਆ ਜਾ ਸਕਦਾ ਹੈ ਉਥੇ ਹੀ ਸੂਬੇ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਵੇਗਾ
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਲਿਸ ਲਾਈਨ ਵਿਖੇ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਸਮੇਤ ਸ਼ਹੀਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਵੀ ਨਾਲ ਸਨ। ਇਸ ਦੌਰਾਨ ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਦਰਸਾਉਂਦੀਆਂ ਵੱਖ-ਵੱਖ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਆਜ਼ਾਦੀ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।

ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ’ਤੇ ਆਧਾਰਿਤ ਪ੍ਰੋਗਰਾਮ ਤਹਿਤ ਕੋਰੀਓਗ੍ਰਾਫੀ, ਸਭਿਆਚਾਰਕ ਵੰਨਗੀਆਂ ਤਹਿਤ ਬੰਗਾਲੀ ਲੋਕ ਨਾਚ, ਪੰਜਾਬ ਦੇ ਰਿਵਾਇਤੀ ਲੋਕ ਨਾਚਾਂ ਗਿੱਧੇ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਉਪਰੰਤ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ। ਇਸ ਮੌਕੇ ਮੁੱਖ ਮਹਿਮਾਨ ਨੇ ਜ਼ਿਲਾ ਸੰਗਰੂਰ ਦੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਜ਼ਿਲਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ।
ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਹਿਲੇ ਸਥਾਨ ਉੱਤੇ ਰਹੀ ਸੜਕ ਸੁਰੱਖਿਆ ਫੋਰਸ ਦੀ ਝਾਕੀ, ਦੂਜੇ ਸਥਾਨ ਉੱਤੇ ਰਹੀ ਪੀਐਸਪੀਸੀਐਲ ਦੀ ਝਾਕੀ ਅਤੇ ਤੀਜੇ ਸਥਾਨ ਉੱਤੇ ਰਹੀਆਂ ਸਕੂਲ ਆਫ ਐਮੀਨੈਂਸ ਤੇ ਖੇਡਾਂ ਵਤਨ ਪੰਜਾਬ ਦੀਆਂ ਝਾਕੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਮੁਨੀਸ਼ ਸਿੰਗਲ ਸਮੇਤ ਸਮੂਹ ਜ਼ੁਡੀਸ਼ੀਅਲ ਅਧਿਕਾਰੀ, ਪੰਜਾਬ ਲੱਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ, ਚੇਅਰਮੈਨ ਪੰਜਾਬ ਰਾਜ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਜਸਵੀਰ ਸਿੰਘ ਕੁਦਨੀ, ਚੇਅਰਮੈਨ ਗਊ ਸੇਵਾ ਕਮਿਸ਼ਨ ਅਸ਼ੋਕ ਸਿੰਗਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕੀਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਏਡੀਸੀ (ਵਿਕਾਸ) ਸੁਖਚੈਨ ਸਿੰਘ ਪਾਪੜਾ ਸਮੇਤ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।
