ਮੁੜ ਸ਼ੰਭੂ ਬਾਰਡਰ ਉਤੇ ਪਰਤਿਆ 101 ਕਿਸਾਨਾਂ ਦਾ ਜੱਥਾ
ਪਟਿਆਲਾ, 8 ਦਸੰਬਰ : ਅੱਜ ਦੂਸਰੇ ਦਿਨ ਕਿਸਾਨਾਂ ਨੇ ਜਦੋਂ ਸੰਭੂ ਬਾਰਡਰ ਵੱਲ ਕੂਚ ਕੀਤਾ ਤਾਂ ਹਰਿਆਣਾ ਪੁਲਸ ਨੇ ਹੰਝੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਪਾਣੀ ਦੀਆਂ ਬੋਛਾਰਾਂ ਵੀ ਕਰ ਦਿੱਤੀ।
ਇਸ ਮੌਕੇ ਮਚੇ ਬਵਾਲ ਵਿਚ 8 ਕਿਸਾਨ ਜ਼ਖਮੀ ਹੋ ਗਏ ਹਨ, ਜਿਨਾ ਵਿਚੋ ਚਾਰ ਦੀ ਹਾਲਤ ਗੰਭੀਰ ਹੈ ਤੇ ਇਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਮੁੜ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜੱਥਾ ਵਾਪਸ ਪਰਤ ਆਇਆ ਹੈ। ਦੇਰ ਸ਼ਾਮ ਤੱਕ ਇਹ ਬਵਾਲ ਜਾਰੀ ਸੀ

ਦੇਰ ਸ਼ਾਮ ਤੱਕ ਘਟੋ ਘਟ 8 ਵਾਰ ਕਿਸਾਨਾਂ ਨੇ ਸੰਭੂ ਬਾਰਡਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤੇ ਮੁੜ ਉਨ੍ਹਾਂ ਨੂੰ ਹੰਝੂ ਗੈਸ ਦੇ ਗੋਲਿਆਂ ਪਾਣੀ ਦੀਆਂ ਬੋਛਾਰਾਂ ਦਾ ਸਾਹਮਣਾ ਕਰਨਾ । ਦੇਰ ਸ਼ਾਮ ਇੱਕ ਵਾਰ ਫਿਰ ਹਰਿਆਣਾ ਪੁਲਸ ਪ੍ਰਸ਼ਾਸ਼ਨ ਵਲੋ ਗੱਲਬਾਤ ਦਾ ਸੱਦਾ ਮਿਲਣ ‘ਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਸ਼ਾਮ ਸਵਾ 4 ਵਜੇ ਜਥੇ ਨੂੰ ਵਾਪਸ ਬੁਲਾ ਲਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਕ ਕਿਸਾਨ ਰੇਸ਼ਮ ਸਿੰਘ ਪਿੰਡ ਭਗਤਾ ਭਾਈ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਜਿਸ ਨੂੰ ਪੀ. ਜੀ. ਆਈ. ਵਿਚ ਰੈਫਰ ਕੀਤਾ ਗਿਆ ਹੈ। ਅਗਲੀ ਰਣਨੀਤੀ ਕੱਲ੍ਹ ਦੋਵੇਂ ਫਰਮਾਂ ਦੀ ਮੀਟਿੰਗ ਤੋਂ ਬਾਅਦ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਛੱਡੇ ਗਏ ਹੰਝੂ ਗੈਸ ਦੇ ਗੋਲ਼ਿਆਂ ਵਿਚ ਜ਼ਹਿਰੀਲੀ ਗੈਸ ਜ਼ਿਆਦਾ ਸੀ।
ਫ਼ਿਲਹਾਲ ਕਿਸਾਨਾਂ ਵੱਲੋਂ ਦਿੱਲੀ ਕੂਚ ਲਈ ਪੰਜਾਬ-ਹਰਿਆਣਾ ਬਾਰਡਰ ‘ਤੇ ਹੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ 101 ਕਿਸਾਨਾਂ ਦਾ ਜੱਥਾ ਪੈਦਲ ਦਿੱਲੀ ਜਾਣ ਲਈ ਰਵਾਨਾ ਹੋਇਆ ਸੀ ਪਰ ਉਨ੍ਹਾਂ ਨੂੰ ਹਰਿਆਣਾ ਵਿਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।
ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਤਾਂ ਸਾਡੀਆਂ ਮੰਗਾਂ ਦਾ ਹੱਲ ਕਰ ਦੇਣ ਜਾਂ ਫ਼ਿਰ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦੇਣ। ਉਨ੍ਹਾਂ ਕਿਹਾ ਕਿ ਉਂਝ ਵੀ ਕਿਸਾਨ ਕਰਜ਼ੇ ਦੀ ਮਾਰ ਹੇਠ ਮਰ ਰਿਹਾ ਹੈ, ਇਸ ਲਈ ਆਪਣੇ ਸੰਘਰਸ਼ ਲਈ ਕੁਝ ਕਿਸਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਤੇ ਆਪਣੀਆਂ ਮੰਗਾਂ ‘ਤੇ ਡਟੇ ਰਹਾਂਗੇ।
- ਸ਼ੈਡਾਂ ਦੇ ਉਪਰ ਅਤੇ ਹੇਠਾਂ ਦੋਵੇ ਪਾਸੇ ਰਹੀ ਪੁਲਸ ਮੌਜੂਦ
- ਹਰਿਆਣਾ ਪੁਲਸ ਅਤੇ ਕੇਂਦਰੀ ਸੁਰਖਿਆ ਫੋਰਸਾਂ ਨੇ ਅੱਜ ਵੀ ਤਿਆਰੀ ਜੰਗੀ ਪੱਧਰ ਦੀ ਕੀਤੀ ਹੋਈ ਸੀ। ਸੈਡ ਦੇ ਹੇਠਾਂ ਤੇ ਉਪਰ ਵੀ ਫੋਰਸਾਂ ਡਟੀਆਂ ਰਹੀਆਂ, ਜਿਸ ਕਾਰਨ ਪੁਲਸ ਹੀ ਪੁਲਸ ਨਜ਼ਰ ਆ ਰਹੀ ਸੀ। ਪੂਰੀ ਤਰ੍ਹਾਂ ਪੁਲਸ ਇਹ ਧਾਰੀ ਬੈਠੀ ਸੀ ਕਿ ਕਿਸਾਨਾਂ ਨੂੰ ਜਾਣਾ ਤਾਂ ਦੂਰ ਨੇੜੇ ਵੀ ਫੜਕਨ ਨਹੀਂ ਦਿੰਤਾ ਜਾਵੇਗਾ।