ਪਿੰਡ ਖੇੜੀ ਗਿੱਲਾਂ ’ਚ ਕੁਝ ਸ਼ੱਕੀ ਘਰਾਂ ਵਿਚ ਸਾਮਾਨ ਦੀ ਕੀਤੀ ਜਾਂਚ

ਸੰਗਰੂਰ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਅੱਜ ਸੰਗਰੂਰ ਸ਼ਹਿਰ ਦੇ ਬੱਸ ਸਟੈਂਡ ਅਤੇ ਸਬ-ਡਵੀਜ਼ਨ ਭਵਾਨੀਗੜ੍ਹ ਅਧੀਨ ਆਉਂਦੇ ਪਿੰਡ ਖੇੜੀ ਗਿੱਲਾਂ ਤੇ ਭਵਾਨੀਗੜ੍ਹ ਸ਼ਹਿਰ ਦੇ ਬੱਸ ਸਟੈਂਡ ਵਿਖੇ ਪੁਲਿਸ ਟੀਮਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਆਪਕ ਚੈਕਿੰਗ ਅਭਿਆਨ ਚਲਾਇਆ।
ਇਸ ਮੁਹਿੰਮ ਬਾਰੇ ਡੀ. ਐੱਸ. ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਅਚਨਚੇਤ ਚੈਕਿੰਗ ਕਰ ਕੇ ਬੱਸਾਂ ’ਚ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਡੀ. ਐੱਸ. ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਸਵਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਘਰਾਂ ਵਿਚ ਜਾਂ ਆਲੇ ਦੁਆਲੇ ਵਸਦੇ ਨਾਗਰਿਕਾਂ ’ਚੋਂ ਜਿਹੜੇ ਵਿਅਕਤੀ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਕਰਵਾ ਕੇ ਉਚਿਤ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਵਿਚ ਜ਼ੇਰੇ ਇਲਾਜ ਵਿਅਕਤੀਆਂ ਨੂੰ ਤੰਦਰੁਸਤ ਹੋਣ ਮਗਰੋਂ ਹੁਨਰ ਵਿਕਾਸ ਲਈ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ ਤਾਂ ਕਿ ਉਹ ਘਰ ਪਰਤਣ ਤੋਂ ਬਾਅਦ ਸਵੈ ਰੁਜ਼ਗਾਰ ਦੇ ਸਮਰੱਥ ਬਣ ਸਕਣ।
ਇਸੇ ਦੌਰਾਨ ਡੀ. ਐੱਸ. ਪੀ. ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਦੱਸਿਆ ਕਿ ਪਿੰਡ ਖੇੜੀ ਗਿੱਲਾਂ ਵਿਖੇ ਕੁਝ ਸ਼ੱਕੀ ਘਰਾਂ ਵਿਚ ਪੁਲਿਸ ਨੇ ਡੂੰਘਾਈ ਨਾਲ ਸਾਮਾਨ ਦੀ ਜਾਂਚ ਕੀਤੀ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਉੱਤੇ ਬੈਠੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਪੁਲਿਸ ਨੂੰ ਸਮੇਂ-ਸਮੇਂ ’ਤੇ ਆਪਣੀ ਫੀਡਬੈਕ ਦਿੰਦੇ ਰਹਿਣ। ਇਸ ਦੌਰਾਨ ਬੱਸ ਸਟੈਂਡ ਵਿਖੇ ਖੜ੍ਹੇ ਲੋਕਾਂ ਦੇ ਸਮਾਨ ਅਤੇ ਬੱਸ ਅੰਦਰ ਜਾ ਕੇ ਵੀ ਅਚਨਚੇਤ ਜਾਂਚ ਪੜਤਾਲ ਕੀਤੀ।

