ਟਰੈਕਟਰ-ਟਰਾਲੀ ਨਾਲ ਟਕਰਾਉਂਦੇ ਹੋਏ ਇਕ ਹੋਰ ਕਾਰ ਨਾਲ ਜਾ ਟਕਰਾਈ ਕਰੇਟਾ
ਮ੍ਰਿਤਕ ਸੁਰਜੀਤ ਸਿੰਘ ਦੀ ਅੱਜ ਅਮਰੀਕਾ ਦੀ ਫਲਾਈਟ ਸੀ
ਕਾਦੀਆਂ :- ਜ਼ਿਲਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿਖੇ ਬੀਤੀ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ’ਚ 5 ਜਣਿਆਂ ਦੀ ਮੌਤ ਹੋ ਗਈ, ਜਦਕਿ 4 ਵਿਅਕਤੀ ਜ਼ਖਮੀ ਹੋ ਗਏ।
ਇਸ ਸਬੰਧੀ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਅਤੇ ਥਾਣਾ ਸੇਖਵਾਂ ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਨੇੜੇ ਪਿੰਡ ਸੇਖਵਾਂ ਵਿਖੇ ਬੀਤੀ ਰਾਤ 9.30 ਵਜੇ ਦੇ ਕਰੀਬ ਸਥਾਨਕ ਕਾਹਨੂੰਵਾਨ ਰੋਡ ’ਤੇ ਸਥਿਤ ਪੇਰੋਸ਼ਾਹ ਨੇੜੇ ਇਕ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਟਰੈਕਟਰ-ਟਰਾਲੀ ਖੇਤਾਂ ’ਚੋਂ ਨਿਕਲ ਕੇ ਸੜਕ ’ਤੇ ਚੜ੍ਹ ਰਹੀ ਸੀ ਤਾਂ ਬਟਾਲਾ ਤੋਂ ਆ ਰਹੀ ਤੇਜ਼ ਰਫਤਾਰ ਕਰੇਟਾ ਟਰੈਕਟਰ-ਟਰਾਲੀ ਨਾਲ ਟਕਰਾਉਂਦੇ ਹੋਏ ਕਾਦੀਆਂ ਵੱਲੋਂ ਆ ਰਹੀ ਇਕ ਹੋਰ ਕਾਰ ਨਾਲ ਜਾ ਟਕਰਾਈ, ਜਿਸਦੇ ਚਲਦਿਆਂ ਕਰੇਟਾ ’ਚ ਸਵਾਰ 4 ਵਿਅਕਤੀਆਂ ’ਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਅਤੇ ਨਾਲ ਬੈਠੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ ਅਤੇ ਦੂਸਰੀ ਕਾਰ ’ਚ ਸਵਾਰ ਤਿੰਨ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਪਛਾਣ ਸੁਰਜੀਤ ਸਿੰਘ ਵਾਸੀ ਪੰਜਗਰਾਈਆਂ, ਰਾਜੇਸ਼ ਵਾਸੀ ਮਿਸ਼ਰਪੁਰਾ, ਕਰਨ ਕੁਮਾਰ ਵਾਸੀ ਗੋਹਤਾ, ਸਾਵਣ ਕੁਮਾਰ ਵਾਸੀ ਨਾਥ ਦੀ ਖੂਹੀ ਅਤੇ ਸਰਬਜੀਤ ਸਿੰਘ ਵਾਸੀ ਸੇਖਵਾਂ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਅਤੇ ਸਰਵਣ ਲਾਲ ਵਜੋਂ ਹੋਈ ਹੈ। ਜ਼ਖਮੀਆਂ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਇਕ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦੀ ਅੱਜ ਅਮਰੀਕਾ ਦੀ ਫਲਾਈਟ ਸੀ।
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
