ਸ੍ਰੀ ਮੁਕਤਸਰ ਸਾਹਿਬ ਵਿਖੇ ਪਸ਼ੂ ਮੰਡੀ ’ਚ ਦਰਸ਼ਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਬਣੇ ਘੋੜੇ

ਸ੍ਰੀ ਮੁਕਤਸਰ ਸਾਹਿਬ ’ਚ ਇਤਿਹਾਸਕ ਮੇਲਾ ਮਾਘੀ ਦੌਰਾਨ ਵਿਸ਼ਵ ਪੱਧਰੀ ਘੋੜਾ ਮੰਡੀ ’ਚ ਲੱਗਦੀ ਹੈ। ਇਸ ਮੰਡੀ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੂਬਿਆਂ ਤੋਂ ਵਪਾਰੀ ਆਪਣੇ ਪਸ਼ੂ ਲੈ ਕੇ ਪਹੁੰਚਦੇ ਹਨ। ਇਸ ਦੌਰਾਨ ਇਕ ਤੋਂ ਵੱਧ ਕੇ ਇਕ ਘੋੜੇ ਆਏ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ’ਚ ਹੈ। ਇਹ ਘੋੜੇ ਦਰਸ਼ਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਬਣੇ ਹੋਏ ਹਨ। ਇਨ੍ਹਾਂ ਨੂੰ ਦੇਖਣ ਲਈ ਦੂਰ-ਦੁਰਾਡੇ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਲੋਕ ਪਹੁੰਚ ਰਹੇ ਹਨ।

ਦੱਸ ਦੇਈਏ ਕਿ ਕਰੀਬ 10 ਦਿਨ ਤੱਕ ਇਹ ਪਸ਼ੂ ਮੰਡੀ ਲੱਗੀ ਰਹੇਗੀ, ਜਿਸ ’ਚ ਲੋਕਾਂ ਦੀ ਰੋਜ਼ਾਨਾ ਭਾਰੀ ਭੀੜ ਉਮੜ ਰਹੀ ਹੈ ਤੇ ਵੱਖ-ਵੱਖ ਨਸਲਾਂ ਦੇ ਘੋੜੇ ਦੇਖਣ ਲਈ ਲੋਕ ਉਤਸੁਕ ਹਨ। ਇਸ ਵਾਰ ਘੋੜ ਮੰਡੀ ਵਿਚ ਪ੍ਰਤਾਪ ਨਾਂ ਦਾ ਘੋੜਾ ਖਿੱਚ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਹ ਘੋੜਾ ਪੰਜਾਬੀ ਗੀਤਾਂ ਵਿੱਚ ਵੀ ਆਪਣੀ ਕਲਾ ਦੇ ਜ਼ੌਹਰ ਦਿਖਾ ਚੁੱਕਿਆ ਹੈ। ਇਨ੍ਹਾਂ ਹੀ ਨਹੀਂ ਇਸ ਘੋੜੇ ਦੀ ਵਛੇੜੀ ਵੀ ਵੀ ਤਕਰੀਬਨ ਤਿੰਨ ਵਾਰ ਚੈਂਪੀਅਨ ਬਣ ਚੁੱਕੀ ਹੈ।

ਗੌਰਤਲਬ ਹੈ ਕਿ ਮੰਡੀ ’ਚ ਮੁੱਖ ਰੂਪ ’ਚ ਨੁਕਰਾ ਤੇ ਮਾਰਵਾੜੀ ਨਸਲ ਦੇ ਘੋੜਿਆਂ ਦੀ ਖਰੀਦ-ਫਰੋਖਤ ਹੋ ਰਹੀ ਹੈ। ਵਪਾਰੀਆਂ ਦੇ ਅਨੁਸਾਰ ਨੁਕਰਾ ਘੋੜਿਆਂ ਦੀ ਸਭ ਤੋਂ ਵੱਧ ਮੰਗ ਮੁੰਬਈ, ਜੈਪੁਰ ਤੇ ਦਿੱਲੀ ’ਚ ਹੈ, ਜਿੱਥੇ ਇਨ੍ਹਾਂ ਦੀ ਵਰਤੋਂ ਵਿਆਹ ਸਮਾਗਮਾਂ ’ਚ ਕੀਤੀ ਜਾਂਦੀ ਹੈ।

ਦੂਜੇ ਪਾਸੇ ਮਾਰਵਾੜੀ ਘੋੜਿਆਂ ਦੇ ਮੁੱਖ ਖਰੀਦਦਾਰ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਕਿਸਾਨ ਤੇ ਘੋੜਾ ਪਾਲਕ ਹਨ। ਇਸ ਪਸ਼ੂ ਮੰਡੀ ’ਚ ਤਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਪੁਣੇ ਤੇ ਮੁੰਬਈ ਤੋਂ ਵਪਾਰੀ ਪਹੁੰਚੇ ਹਨ।

ਪ੍ਰਮੁੱਖ ਵਪਾਰੀ ਮੋਹਸਿਨ ਖਾਨ ਤੇ ਅਸਲਮ ਖਾਨ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੀ ਇਹ ਮੰਡੀ ਵਿਸ਼ਵ ਦੀ ਸਭ ਤੋਂ ਵਧੀਆ ਘੋੜਾ ਮੰਡੀਆਂ ’ਚੋਂ ਇਕ ਹੈ। ਇੱਥੇ ਕਾਠੀਆਵਾੜ ਤੇ ਸਿੰਧੀ ਨਸਲ ਦੇ ਘੋੜੇ ਘੱਟ ਮਾਤਰਾ ’ਚ ਮਿਲਦੇ ਹਨ।

ਉਧਰ ਘੋੜਾ ਮੰਡੀ ’ਚ ਆਏ ਸੰਜਮ ਸਟੱਡ ਫਾਰਮ ਬਾਦਲ ਦੇ ਘੋੜਾ ਪਾਲਕ ਵਿਕਰਮਜੀਤ ਸਿੰਘ ਵਿੱਕੀ ਬਰਾੜ ਦੀ ਮੰਨੀਏ ਤਾਂ ਉਨ੍ਹਾਂ ਦੇ ਮਾਰਵਾੜੀ ਨਸਲ ਦੇ ਘੋੜੇ ਡੈਵਿਡ ਦੀ ਕੀਮਤ 21 ਕਰੋੜ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕਰੀਬ ਤਿੰਨ ਸਾਲ ਦਾ ਇਹ ਘੋੜਾ 72 ਇੰਚ ਉੱਚਾ ਹੈ, ਜੋ ਭਾਰਤ ’ਚ ਸਭ ਤੋਂ ਉੱਚਾ ਹੈ। ਇਸ ਘੋੜੇ ਦੇ ਜਨਮ ਤੋਂ ਇਕ ਘੰਟੇ ਬਾਅਦ ਇਸ ਦੀ ਕੀਮਤ ਇਕ ਕਰੋੜ ਰੁਪਏ ਲੱਗ ਗਈ ਸੀ।

ਮੰਡੀ ਵਿਚ ਕਰੀਬ 3,370 ਘੋੜੇ ਪਹੁੰਚ ਚੁੱਕੇ – ਪ੍ਰਬੰਧਕ ਭਾਟੀ

ਘੋੜਾ ਮੰਡੀ ਦੇ ਪ੍ਰਬੰਧਕ ਸੁਖਪਾਲ ਸਿੰਘ ਭਾਟੀ ਨੇ ਦੱਸਿਆ ਕਿ ਲੱਗਭਗ 3,370 ਘੋੜੇ ਮੰਡੀ ’ਚ ਪਹੁੰਚ ਚੁੱਕੇ ਹਨ। ਇਹ ਘੋੜਾ ਮੰਡੀ 20 ਜਨਵਰੀ ਤੱਕ ਲੱਗੀ ਰਹੇਗੀ। ਇਹ ਘੋੜਾ ਮੰਡੀ ਭਾਰਤ ਦੀਆਂ ਮੁੱਖ ਮੰਡੀਆਂ ’ਚੋਂ ਇਕ ਹੈ। ਮੇਲੇ ’ਚ ਆਏ ਇਨ੍ਹਾਂ ਘੋੜਿਆਂ ਦੀ ਕੀਮਤ 100 ਕਰੋੜ ਦੇ ਕਰੀਬ ਹੈ ਪਰ ਇਹ ਸਾਰੇ ਘੋੜੇ ਵਿਕਾਊ ਨਹੀਂ ਹੁੰਦੇ। ਜ਼ਿਆਦਾਤਰ ਘੋੜੇ ਸਿਰਫ਼ ਪ੍ਰਦਰਸ਼ਨੀ ਲਈ ਆਉਂਦੇ ਹਨ, ਜਦਕਿ ਕੁਝ ਵਿਕਰੀ ਲਈ ਹੁੰਦੇ ਹਨ।

Leave a Reply

Your email address will not be published. Required fields are marked *