ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਕੀਤੀ ਅਰਦਾਸ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕੀਤੀ।

ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਅਰਦਾਸ ਕਰ ਕੇ ਸ਼ੁਰੂ ਹੋਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਨਵ-ਗਠਿਤ ਸੀਨੀਅਰ ਲੀਡਰਸ਼ਿਪ, ਪਾਰਟੀ ਦੇ ਪੰਜ ਮੈਂਬਰੀ ਕਮੇਟੀ, ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ’ਚ ਇਨ੍ਹਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਗਿਆ। ਇਸ ਦੇ ਨਾਲ ਹੀ ਜੇਲ ’ਚ ਨਜ਼ਰਬੰਦ ਪਾਰਟੀ ਪ੍ਰਧਾਨ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ।

ਬਾਪੂ ਤਰਸੇਮ ਸਿੰਘ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਦਿਹਾੜੇ ’ਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਪਾਰਟੀ ਦੀ ਨਵੀਂ ਸ਼ੁਰੂਆਤ ਹੋਈ ਸੀ ਅਤੇ ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੱਥਾ ਟੇਕਣ ਪਹੁੰਚੇ ਹਾਂ।

ਉਨ੍ਹਾਂ ਆਖਿਆ ਕਿ ਹੁਣ ਅੱਗੋਂ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਜ਼ਿਲਾ ਪੱਧਰ ’ਤੇ ਪਾਰਟੀ ਦੇ ਵਰਕਰ ਤਿਆਰ ਕੀਤੇ ਜਾਣਗੇ। ਸੁਖਵਿੰਦਰ ਸਿੰਘ ਅਗਵਾਨ ਅੱਜ ਰੁੱਝੇ ਹੋਏ ਸਨ, ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਤੋਂ ਨਾਰਾਜ਼ ਹਨ।

ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਚਿਹਰਾ ਸਨ ਪਰ ਹੁਣ ਨਹੀਂ, ਕਿਉਂਕਿ ਉਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਕੋਈ ਚੰਗਾ ਕੰਮ ਨਹੀਂ ਕੀਤਾ। ਉਹ ਅਜੇ ਵੀ ਜਥੇਦਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ 7 ਮੈਂਬਰੀ ਕਮੇਟੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ, ਜੇਕਰ ਉਹ ਸੱਚੇ ਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ-ਬੀ ਪੰਜਾਬ ਦੀਆਂ 4 ਸੀਟਾਂ ’ਤੇ ਹਾਲ ਹੀ ’ਚ ਹੋਈ ਉਪ ਚੋਣ ਦਾ ਬਾਈਕਾਟ ਨਾ ਕਰਦੇ। ਅਸੀਂ ਭਾਜਪਾ ਨਾਲ ਗੱਠਜੋੜ ’ਤੇ ਟਿੱਪਣੀ ਨਹੀਂ ਕਰ ਸਕਦੇ, ਜਿਵੇਂ ਕਿ ਸਮਾਂ ਦੱਸੇਗਾ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ। ਬਾਪੂ ਤਰਸੇਮ ਸਿੰਘ ਨੇ ਆਖਿਆ ਕਿ ਕੰਗਨਾ ਰਣੌਤ ਨੇ ਹਮੇਸ਼ਾ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ ਅਤੇ ਫਿਲਮ ਐਮਰਜੈਂਸੀ ਵੀ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦਾ ਇਕ ਬਹੁਤ ਵੱਡਾ ਹਿੱਸਾ ਸੀ। ਸਰਕਾਰ ਨੂੰ ਇਸ ਫਿਲਮ ’ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਅਸੀਂ ਉਨ੍ਹਾਂ ਕਿਸਾਨਾਂ ਦਾ ਸਵਾਗਤ ਕਰਦੇ ਹਾਂ ਜੋ ਸਾਡੀ ਪਾਰਟੀ ਦਾ ਸਮਰਥਨ ਕਰਨਾ ਚਾਹੁੰਦੇ ਹਨ।

Leave a Reply

Your email address will not be published. Required fields are marked *