ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ
ਤੇਲੰਗਾਨਾ ਵਿਚ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚੋਂ ਬਚਾਅ ਟੀਮਾਂ ਨੇ 16ਵੇਂ ਦਿਨ ਇਕ ਮਜ਼ਦੂਰ ਦੀ ਲਾਸ਼ 10 ਫੁੱਟ ਮਲਬੇ ਹੇਠੋਂ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਜ਼ਿਲਾ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਉਸ ਦੇ ਜੱਦੀ ਪਿੰਡ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਗੁਰਪ੍ਰੀਤ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ 10 ਫੁੱਟ ਹੇਠਾਂ ਚਿੱਕੜ ਵਿੱਚ ਮਸ਼ੀਨ ਵਿੱਚ ਫਸੀ ਹੋਈ ਸੀ। ਸਿਰਫ਼ ਉਸਦੇ ਹੱਥ ਹੀ ਦਿਖਾਈ ਦੇ ਰਹੇ ਸਨ। ਮਸ਼ੀਨ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਐਤਵਾਰ ਰਾਤ ਨੂੰ ਗੁਰਪ੍ਰੀਤ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ।
ਜਿਕਰਯੋਗ ਹੈ ਕਿ 22 ਫ਼ਰਵਰੀ ਤੋਂ SLBC ਸੁਰੰਗ ਵਿਚ ਇੰਜੀਨੀਅਰਾਂ ਅਤੇ ਮਜ਼ਦੂਰਾਂ ਸਮੇਤ ਅੱਠ ਲੋਕ ਫਸੇ ਹੋਏ ਸਨ। ਉੱਤਰ ਪ੍ਰਦੇਸ਼ ਤੋਂ ਮਨੋਜ ਕੁਮਾਰ ਅਤੇ ਸ਼੍ਰੀ ਨਿਵਾਸ, ਜੰਮੂ ਅਤੇ ਕਸ਼ਮੀਰ ਤੋਂ ਸੰਨੀ ਸਿੰਘ ਅਤੇ ਝਾਰਖੰਡ ਤੋਂ ਸੰਦੀਪ ਸਾਹੂ, ਜਗਤਾ ਜੈਸ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ ਦੀ ਭਾਲ ਜਾਰੀ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ), ਫ਼ੌਜ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਰ ਬਚਾਅ ਕਾਰਜਾਂ ‘ਤੇ ਲਗਾਤਾਰ ਕੰਮ ਕਰ ਰਹੇ ਹਨ।
ਤੇਲੰਗਾਨਾ ਸਰਕਾਰ ਨੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੋਬੋਟ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਪਾਣੀ ਅਤੇ ਚਿੱਕੜ ਸਮੇਤ ਚੁਣੌਤੀਪੂਰਨ ਸਥਿਤੀਆਂ ਦੇ ਕਾਰਨ ਸੁਰੰਗ ਦੇ ਅੰਦਰ ਕਾਫ਼ੀ ਜੋਖ਼ਮ ਹੈ।
