ਤੇਲੰਗਾਨਾ ਦੇ ਨਗਰਕੁਰਨੂਲ ਜ਼ਿਲ੍ਹੇ ‘ਚ ਹੋਏ ਸੁਰੰਗ ਹਾਦਸੇ ਤੋਂ ਬਾਅਦ ਬਚਾਅ ਕੰਮ ਜ਼ੋਰਾਂ ‘ਤੇ ਹੈ।
ਜ਼ਿਲ੍ਹਾ ਕਲੈਕਟਰ ਬੀ. ਸੰਤੋਸ਼ ਨੇ ਦੱਸਿਆ ਕਿ ਫ਼ੌਜ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨਡੀਆਰਐੱਫ) ਦੀਆਂ 2 ਟੀਮਾਂ ਬਚਾਅ ਮੁਹਿੰਮ ‘ਚ ਲੱਗੀਆਂ ਹੋਈਆਂ ਹਨ। ਉੱਤਰਾਖੰਡ ਦੀ ਸਿਲਕਿਆਰਾ ਟਨਲ ‘ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਰੈਟ ਮਾਈਨਰਜ਼ ਦੀ ਟੀਮ ਵੀ ਹੁਣ ਇਸ ਰੈਸਕਿਊ ਆਪਰੇਸ਼ਨ ਨਾਲ ਜੁੜ ਗਈ ਹੈ।
ਸ਼ਨੀਵਾਰ ਨੂੰ ਸੁਰੰਗ ਦੀ ਛੱਤ ਡਿੱਗਣ ਕਾਰਨ ਫਸੇ ਲੋਕਾਂ ਤੱਕ ਪਹੁੰਚਣ ਲਈ ਅੰਤਿਮ 40 ਮੀਟਰ ਦੀ ਦੂਰੀ ਤੈਅ ਕਰਨ ਲਈ ਮਸ਼ੀਨਰੀ ਤਾਇਨਾਤ ਕੀਤੀ ਜਾ ਰਹੀ ਹੈ।

ਕਲੈਕਟਰ ਬੀ. ਸੰਤੋਸ਼ ਨੇ ਕਿਹਾ,”ਅਸੀਂ ਹੁਣ ਇਕ ਟੀਮ ਭੇਜ ਰਹੇ ਹਾਂ। ਕੱਲ੍ਹ ਅਸੀਂ ਅੰਤਿਮ 40 ਮੀਟਰ ਤੱਕ ਨਹੀਂ ਪਹੁੰਚ ਸਕੇ ਸੀ ਪਰ ਹੁਣ ਮਸ਼ੀਨ ਦੀ ਮਦਦ ਨਾਲ ਅਸੀਂ ਉੱਥੇ ਤੱਕ ਵੀ ਪਹੁੰਚ ਜਾਵਾਂਗੇ। ਇਸ ਦੇ ਨਾਲ ਹੀ ਪਾਣੀ ਕੱਢਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅਤੇ ਸੁਰੰਗ ਦੇ ਅੰਦਰ ਖੋਦਾਈ ਲਈ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ।
ਹਾਲਾਂਕਿ ਰਾਹਤ ਕੰਮਾਂ ਦੀ ਨਿਗਰਾਨੀ ਕਰ ਰਹੇ ਮੰਤਰੀ ਜੁੰਪੱਲੀ ਕ੍ਰਿਸ਼ਨਾ ਰਾਵ ਨੇ ਕਿਹਾ ਕਿ ਅੰਦਰ ਫਸੇ 8 ਲੋਕਾਂ ਦੇ ਜਿਊਂਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।
ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ ਦੇ ਦਿਨ 22 ਫਰਵਰੀ ਦੀ ਸਵੇਰ, ਜਿਵੇਂ ਹੀ ਉਹ ਸੁਰੰਗ ‘ਚ ਵੜੇ, ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਅਤੇ ਮਿੱਟੀ ਢਹਿਣ ਲੱਗੀ।
