6 ਕਿਲੋ ਚਾਂਦੀ, 12 ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਕਦੀ ਦੀ ਲੁੱਟ
ਅੰਮ੍ਰਿਤਸਰ – ਸਰਹੱਦੀ ਸ਼ਹਿਰ ਅਜਨਾਲਾ ਵਿਖੇ ਦੀਪਕ ਜਿਊਲਰਜ਼ ਦੀ ਦੁਕਾਨ ’ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਦੁਕਾਨ ਮਾਲਕ ਕੁਲਦੀਪ ਸਿੰਘ ਉਰਫ ਦੀਪਕ ਰਾਏਪੁਰ ਵਾਲਿਆਂ ਨੇ ਦੱਸਿਆ ਕਿ ਜਦੋਂ ਲੁੱਟ ਹੋਈ ਉਸ ਸਮੇਂ ਮੇਰੀ ਦੁਕਾਨ ’ਤੇ ਸੋਨੇ ਦੇ ਗਹਿਣੇ ਪਾਲਿਸ਼ ਕਰਵਾਉਣ ਲਈ ਅਾਏ 2 ਵਿਅਕਤੀ ਮੌਜੂਦ ਸੀ।
ਇਸ ਦੌਰਾਨ ਪੌਣੇ 2 ਵਜੇ ਦੇ ਕਰੀਬ ਅਚਾਨਕ ਚਿੱਟੇ ਰੰਗ ਦੀ ਕਰੇਟਾ ਗੱਡੀ ’ਚੋਂ ਦੋ ਵਿਅਕਤੀ ਉਤਰ ਕੇ ਦੁਕਾਨ ਦੇ ਅੰਦਰ ਆਏ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਆਉਂਦਿਆਂ ਹੀ ਪਿਸਤੌਲ ਦੀ ਨੋਕ ’ਤੇ ਮੇਰੇ ਸਮੇਤ ਮੇਰੇ ਨਾਲ ਦੁਕਾਨ ’ਤੇ ਬੈਠੇ ਦੋਵਾਂ ਵਿਅਕਤੀਆਂ ਨੂੰ ਦੁਕਾਨ ਦੇ ਪਿੱਛੇ ਬਣੇ ਕੈਬਿਨ ਵਿਚ ਬੰਦ ਕਰ ਦਿੱਤਾ ਅਤੇ ਆਪਣੇ ਸਾਥੀ ਦੀ ਮਦਦ ਨਾਲ ਪਾਲਿਸ਼ ਹੋਣ ਲਈ ਆਏ ਕਰੀਬ 12 ਤੋਲੇ ਸੋਨੇ ਦੇ ਗਹਿਣੇ, 6 ਕਿਲੋ ਦੇ ਕਰੀਬ ਚਾਂਦੀ ਅਤੇ 50 ਹਜ਼ਾਰ ਦੀ ਨਕਦੀ ਇਕੱਠੀ ਕਰ ਕੇ ਲੈ ਗਏ।
ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਬ ਡਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਗੁਰਿੰਦਰ ਸਿੰਘ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰ ਕੇ ਜਾਂਚ ਕੀਤੀ ਜਾ ਰਹੀ।