ਵਿਧਾਇਕਾ ਭਰਾਜ ਦੇ ਪਿਤਾ ਨੇ ਚਾਰ ਸਾਥੀਆਂ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
ਸੰਗਰੂਰ – ਅੱਜ ਸਿਟੀ ਪਾਰਕ ਨਾਭਾ ਗੇਟ ਸੰਗਰੂਰ ਵਿਖੇ ਸੰਗਰੂਰ ਦੇ ਸੀਨੀਅਰ ਸਿਟੀਜਨਜ਼ ਦੀ ਬੈਠਕ ਪ੍ਰਿੰਸੀਪਲ ਸ਼ਿਆਮ ਲਾਲ ਸਿੰਗਲਾ ਪ੍ਰਧਾਨ ਅਤੇ ਈਸ਼ਮ ਸਿੰਘ ਬੇਦੀ ਜਨਰਲ ਸਕੱਤਰ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਹਲਕਾ ਸੰਗਰੂਰ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦੇ ਕਿਸੇ ਜ਼ਰੂਰੀ ਮੀਟਿੰਗ ਵਿੱਚ ਦਿੱਲੀ ਚਲੇ ਜਾਣ ਕਾਰਨ ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ, ਵਾਰਡ ਨੰਬਰ 10 ਦੇ ਜੇਤੂ ਐੱਮ. ਸੀ. ਪਰਦੀਪ ਪੱਪੂ ਪੁਰੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਮਨੀ ਅਤੇ ਮੀਡੀਆ ਇੰਚਾਰਜ ਭਲਵਾਨ ਸ਼ਾਮਲ ਹੋਏ।
ਪ੍ਰਿੰ. ਸ਼ਿਆਮ ਲਾਲ ਸਿੰਗਲਾ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸਿਟੀ ਪਾਰਕ ਸੰਗਰੂਰ ਦੀ ਦਿੱਖ ਸੰਵਾਰਨ ਲਈ ਇਕ ਕਰੋੜ ਪੈਂਤੀ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਲਈ ਸਿਟੀ ਪਾਰਕ ਵਿਚ ਕੰਮ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ।
ਇਸ ਪਾਰਕ ਨਾਲ ਆਰੰਭ ਤੋਂ ਜੁੜੇ ਹੋਏ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਗੁਰਪਾਲ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਇਹ ਪਾਰਕ ਸ਼ਹਿਰ ਵਾਸੀਆਂ ਲਈ ਤਿਆਰ ਕੀਤਾ ਗਿਆ ਸੀ, ਉਦੋਂ ਪਾਰਕ ਦੀ ਸਾਂਭ ਸੰਭਾਲ ਕਰਨ ਲਈ ਸੰਗਰੂਰ ਦੇ ਕੁਝ ਪਤਵੰਤੇ ਸੱਜਣਾਂ ਦੀ ਇਕ ਕਮੇਟੀ ਬਣਾਈ ਗਈ ਸੀ, ਜਿਸ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਬਹੁਤ ਲੋੜ ਹੈ।
ਡਾ. ਇਕਬਾਲ ਸਿੰਘ ਸਕਰੌਦੀ ਰਿਟਾਇਰਡ ਪ੍ਰਿੰਸੀਪਲ ਨੇ ਕਿਹਾ ਕਿ ਸਿਟੀ ਪਾਰਕ ਸੰਗਰੂਰ ਨਿਵਾਸੀਆਂ ਲਈ ਸਾਫ਼ ਸੁਥਰੇ ਵਾਤਾਵਰਨ ਵਿਚ ਸਾਹ ਲੈਣ ਲਈ ਆਕਸੀਜਨ ਦਾ ਕੰਮ ਕਰ ਰਿਹਾ ਹੈ। ਪਰੰਤੂ ਪਾਰਕ ਵਿੱਚ ਦੌੜਦੇ ਫ਼ਿਰਦੇ ਅਵਾਰਾ ਕੁੱਤੇ, ਸਹੀ ਢੰਗ ਨਾਲ਼ ਸਾਫ਼ ਸਫ਼ਾਈ ਨਾ ਹੋਣ ਕਾਰਨ ਸੱਪ ਸਲੂਟੀ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਡਰ ਹਰ ਵੇਲੇ ਬਣਿਆਂ ਰਹਿੰਦਾ ਹੈ।
ਉਨ੍ਹਾਂ ਸਿਟੀ ਪਾਰਕ ਗਰੁੱਪ ਦੇ ਸਿਰਕੱਢ ਮੈਂਬਰ ਹੇਮ ਰਾਜ, ਐੱਫ.ਸੀ. ਆਈ. ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਲੰਘੀ ਅਪਰੈਲ, ਮਈ, ਜੂਨ ਦੇ ਮਹੀਨਿਆਂ ਵਿੱਚ ਪਾਣੀ ਦੀਆਂ ਬਾਲਟੀਆਂ ਭਰ ਭਰ ਪਾ ਕੇ ਪਾਰਕ ਦੇ ਬੂਟਿਆਂ ਨੂੰ ਹਰਾ ਭਰਿਆ ਰੱਖਿਆ ਹੈ। ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਵਿੱਚੋਂ ਪੰਜ ਮੈਂਬਰੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਗੁਰਪਾਲ ਸਿੰਘ ਗਿੱਲ ਦਾ ਨਾਂ ਵੀ ਪੇਸ਼ ਕੀਤਾ। ਐੱਮ. ਸੀ. ਪਰਦੀਪ ਪੱਪੂ ਪੁਰੀ ਨੇ ਸੀਨੀਅਰ ਸਿਟੀਜ਼ਨਜ਼ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਨਗਰ ਪਾਲਿਕਾ ਦੀਆਂ ਚੋਣਾਂ ਦਾ ਕਾਰਜ ਨੇਪਰੇ ਚੜ੍ਹ ਚੁੱਕਾ ਹੈ। ਇਸ ਪਾਰਕ ਵਿੱਚ ਲੋੜੀਂਦੇ ਕੰਮਾਂ ਕਾਰਾਂ ਦੀ ਸ਼ੁਰੂਆਤ ਬਹੁਤ ਜਲਦੀ ਕਰ ਦਿੱਤੀ ਜਾਵੇਗੀ।
ਪਾਰਕ ਦੀ ਸਾਫ਼ ਸਫ਼ਾਈ ਦਾ ਕੰਮ, ਫਲੱਡ ਲਾਈਟਾਂ ਲਾਉਣ ਦਾ ਕੰਮ, ਪੀਣ ਵਾਲੇ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ, ਚਾਰ ਪੁਲਿਸ ਮੁਲਾਜ਼ਮਾਂ ਦੀ ਪੱਕੇ ਤੌਰ ‘ਤੇ ਡਿਊਟੀ ਲਗਾਉਣ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਮੌਕੇ ਗੁਰਨਾਮ ਸਿੰਘ ਨੇ ਚਾਰ ਸਾਥੀਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੀਨੀਅਰ ਸਿਟੀਜ਼ਨਜ਼ ਸਾਡੇ ਸਮਾਜ ਦਾ ਸਭ ਤੋਂ ਵੱਧ ਸਤਿਕਾਰੀ ਵਰਗ ਹੈ। ਇਸ ਲਈ ਉਨ੍ਹਾਂ ਦੀ ਸਿਹਤ ਨਵੀਂ ਨਰੋਈ ਰੱਖਣ ਲਈ ਇਸ ਪਾਰਕ ਵਿੱਚ ਉਹ ਸਭ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ, ਜੋ ਵੱਡੇ ਸ਼ਹਿਰਾਂ ਦੇ ਪਾਰਕਾਂ ਵਿੱਚ ਮਿਲਦੀਆਂ ਹਨ।
ਇਸ ਮੌਕੇ ਗਰੁੱਪ ਦੇ ਮੈਂਬਰ ਗੁਰਬਖ਼ਸ਼ ਸਿੰਘ ਗਰੇਵਾਲ, ਜੈ ਸਿੰਘ ਜੱਸੀ, ਦਿਆਲ ਸਿੰਘ ਖੁਰਮੀ, ਮਦਨ ਗੋਪਾਲ ਸਿੰਗਲਾ ਜੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਐਡਵੋਕੇਟ ਰਤਨ ਸਿੰਘ ਮਹਿਲ, ਐਡਵੋਕੇਟ ਅਜੈਬ ਸਿੰਘ ਸਰਾਓ, ਲੈਕਚਰਾਰ ਨਿਰਭੈ ਸਿੰਘ ਹਰੀਕਾ, ਪ੍ਰਿੰਸੀਪਲ ਸੁਰਜੀਤ ਸਿੰਘ, ਸੁਰਜੀਤ ਸਿੰਘ ਜੇ.ਈ., ਪ੍ਰਹਿਲਾਦ ਸਿੰਘ, ਮੰਗਤ ਰਾਜ, ਆਸਾ ਸਿੰਘ, ਸੁਰਿੰਦਰ ਸਿੰਘ, ਰਾਕੇਸ਼ ਜੈਨ, ਪ੍ਰਿੰ ਹਰਵਿੰਦਰ ਸਿੰਘ, ਹਰਜੀਤ ਸਿੰਘ ਹਸਨਪੁਰੀ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਈਸ਼ਮ ਸਿੰਘ ਬੇਦੀ ਨੇ ਬਾਖ਼ੂਬੀ ਨਿਭਾਈ।
