ਕਿਹਾ, ਸਾਜਿਸ਼ ਘਾੜਿਆਂ ਨੂੰ ਸਰਕਾਰਾਂ ਦੀ ਪਨਾਹ
ਮੂਸੇਵਾਲਾ ਦੀ ਤਸਵੀਰਾਂ ਨਾਲ ਹੋ ਰਹੀ ਹੈ ਛੇੜਛਾੜ
ਮਾਨਸਾ :- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਸਿੱਧੂ ਦਾ ਕਤਲ ਕਰਨ ਪਿੱਛੇ ਸਾਜਿਸ਼ ਘਾੜਿਆਂ ਦੀ ਜਾਂਚ ਨਾ ਕਰਨ ਅਤੇ ਮਹਰੂਮ ਗਾਇਕ ਦੀ ਤਸਵੀਰ ਨਾਲ ਛੇੜਛਾੜ ਕਰਨ ਪ੍ਰਤੀ ਰੋਸ ਪ੍ਰਗਟਾਇਆ ਹੈ।
ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਆਪਣੀ ਪੋਸਟ ਸਾਂਝੀ ਕਰਦਿਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਏ. ਆਈ. ਦੇ ਜ਼ਰੀਏ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਈ ਹੈ। ਉਨ੍ਹਾਂ ਕਿਹਾ ਕਿ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਅੱਜ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਪੁੱਤਰ ਮੰਚ ਤੋਂ ਸੱਚੀਆਂ ਗੱਲਾਂ ਬੋਲਦਾ ਸੀ ਅਤੇ ਕੁੱਝ ਲੋਕ ਉਸ ਦਾ ਵਿਰੋਧ ਕਰਦੇ ਸਨ।
ਅੱਜ ਉਸ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਨਾ ਸਿਰਫ ਉਸ ਦੀ ਦਸਤਾਰ ਹਟਾਈ ਗਈ ਹੈ, ਬਲਕਿ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਗਈ ਹੈ। ਚਰਨ ਕੌਰ ਨੇ ਕਿਹਾ ਕਿ ਏ. ਆਈ. ਦੀ ਸਹੂਲਤ ਨੂੰ ਚੰਗੇ ਕੰਮ ਲਈ ਵਰਤੋਂ। ਉਨ੍ਹਾਂ ਦੇ ਪੁੱਤ ਦੀ ਮੌਤ ਦਾ ਮਖੌਲ ਨਾ ਬਣਾਇਆ ਜਾਵੇ। ਉਨ੍ਹਾਂ ਦੇ ਪੁੱਤਰ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ, ਨਹੀਂ ਤਾਂ ਸਾਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।
ਦੂਸਰੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਨੇਕਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਅੱਜ ਤਕ ਉਸ ਦੀ ਮੌਤ ਦੀ ਸਾਜ਼ਿਸ਼ ਰਚਨ ਵਾਲਿਆਂ ਦੀ ਕੋਈ ਪੁੱਛਗਿੱਛ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਨਾਮਜ਼ਦ ਕੀਤਾ ਗਿਆ ਹੈ। ਕਈ ਅਫਸਰਾਂ ਅਤੇ ਲੋਕਾਂ ਨੂੰ ਇਸ ਸਾਜ਼ਿਸ਼ ਦਾ ਪਤਾ ਸੀ ਪਰ ਇਸ ਮਾਮਲੇ ’ਚ ਜਾਂਚ ਅੱਗੇ ਨਹੀਂ ਵਧ ਸਕੀ। ਬਲਕੌਰ ਸਿੰਘ ਨੇ ਕਿਹਾ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ, ਉਸ ਦਿਨ ਇਕ ਪੋਸਟ ਫੇਸਬੁੱਕ ’ਤੇ ਪਾਈ ਗਈ ਸੀ। ਜਿਸ ਵਿਚ ਲਿਖਿਆ ਸੀ ਕਿ ਮਾਨਸਾ ’ਚ ਅੱਜ ਵੱਡਾ ਤੂਫਾਨ ਆਉਣ ਵਾਲਾ ਹੈ। ਇਹ ਪੋਸਟ ਜੀਵਨਜੋਤ ਨੇ ਪਾਈ ਸੀ। ਜਿਸ ਨੂੰ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਨਾਮਜ਼ਦ ਕੀਤਾ ਸੀ, ਉਸ ਵਿਰੁੱਧ ਐੱਲ. ਓ. ਸੀ. ਵੀ ਜਾਰੀ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਸਰਕਾਰ ਨੇ ਉਸ ਦਾ ਐੱਲ. ਓ. ਸੀ. ਚੁੱਪਚਾਪ ਰੱਦ ਕਰ ਦਿੱਤਾ ਸੀ, ਜਿਸ ਦੀ ਕੋਈ ਜਾਂਚ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਭ ਮੋਹਰੇ ਹਨ ਜੇਕਰ ਸਰਕਾਰ ਇਨ੍ਹਾਂ ਨੂੰ ਬਿਨਾਂ ਜਾਂਚ ਤੋਂ ਬਾਹਰ ਕਰ ਸਕਦੀ ਹੈ ਤਾਂ ਫਿਰ ਸਾਡੀਆਂ ਸ਼ਿਕਾਇਤਾਂ ਅਤੇ ਸਬੂਤਾਂ ਦੇ ਬਾਵਜੂਦ ਅਸਲੀ ਸਾਜ਼ਿਸ਼ ਘਾੜਿਆਂ ਤਕ ਕਦੋਂ ਅਤੇ ਕਿਵੇਂ ਜਾਂਚ ਪਹੁੰਚੇਗੀ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਾਜ਼ਿਸ਼ ਘਾੜੇ ਮਹਿਫਲਾਂ ’ਚ ਗਾਉਣ ਅਤੇ ਚੋਣ ਪ੍ਰਚਾਰ ਕਰ ਰਹੇ ਹੋਣ ਤਾਂ ਇਨਸਾਫ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।
