ਮਾਨਸਾ :- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਨਾਮਜ਼ਦ ਜੀਵਨਜੋਤ ਸਿੰਘ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ਵਿਚ ਲੈ ਲਿਆ ਗਿਆ, ਜਿਸਨੂੰ ਪੁਲਸ ਲੱਭ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ ਮਾਨਸਾ ਪੁਲਸ ਇਕ ਡੀ. ਐੱਸ. ਪੀ. ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋ ਗਈ ਹੈ, ਜਿਸ ਵਿਚ ਇੰਸਪੈਕਟਰ ਰੈਂਕ ਦੇ ਦੋ ਅਧਿਕਾਰੀ ਵੀ ਸ਼ਾਮਲ ਹਨ।
ਦੱਸ ਦਈਏ ਕਿ 29 ਮਈ 2022 ਦੀ ਸ਼ਾਮ ਨੂੰ ਜ਼ਿਲੇ ਦੇ ਪਿੰਡ ਜਵਾਹਰਕੇ ਵਿਚ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ’ਚ ਨਾਮਜ਼ਦ ਜੀਵਨਜੋਤ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਕਾਰਨ, ਸਿਟੀ-1 ਥਾਣੇ ਦੀ ਪੁਲਸ ਵੱਲੋਂ ਲੁਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੀਵਨਜੋਤ ਸਿੰਘ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਹੈ।
ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਉਸਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਮਾਨਸਾ ਪੁਲਸ ਨੂੰ ਸੂਚਿਤ ਕੀਤਾ ਗਿਆ। ਮੰਗਲਵਾਰ ਨੂੰ ਡੀ. ਐੱਸ. ਪੀ. ਦੀ ਅਗਵਾਈ ’ਚ ਇਕ ਪੁਲਸ ਟੀਮ ਦਿੱਲੀ ਲਈ ਰਵਾਨਾ ਹੋਈ। ਪੁਲਸ ਬੁੱਧਵਾਰ ਨੂੰ ਉਸਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸਦਾ ਰਿਮਾਂਡ ਪ੍ਰਾਪਤ ਕਰੇਗੀ, ਉਸਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।
