1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ 25 ਫਰਵਰੀ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿਚ ਹੋਵੇਗਾ। ਇਹ ਮਾਮਲਾ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿਚ ਦੋ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਦੰਗਿਆਂ ਦੌਰਾਨ ਸੱਜਣ ਕੁਮਾਰ ਬਾਹਰੀ ਦਿੱਲੀ ਤੋਂ ਸੰਸਦ ਮੈਂਬਰ ਸਨ। ਅਦਾਲਤ ਨੇ 12 ਫਰਵਰੀ 2025 ਨੂੰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ।
8 ਫਰਵਰੀ ਨੂੰ ਸਰਕਾਰੀ ਵਕੀਲ ਨੇ ਅਦਾਲਤ ਵਿਚ ਇਕ ਲਿਖਤੀ ਦਲੀਲ ਪੇਸ਼ ਕੀਤੀ, ਜਿਸ ਵਿਚ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੱਜਣ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਸੀ, ਜਿਸ ਕਾਰਨ ਸੁਣਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਇਸ ਮਾਮਲੇ ਵਿਚ ਸਰਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਨੂੰ ਦੰਗਾਕਾਰੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਕੁੱਟਣ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ ਸੀ।
ਪਹਿਲਾਂ ਵੀ ਹੋ ਚੁੱਕੀ ਹੈ ਸਜ਼ਾ
17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਦੇ ਪਾਲਮ ਕਾਲੋਨੀ ਇਲਾਕੇ ਵਿਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਦੰਗਾਕਾਰੀਆਂ ਨੇ ਗੁਰਦੁਆਰੇ ਨੂੰ ਵੀ ਸਾੜ ਦਿੱਤਾ ਸੀ। ਹਾਲਾਂਕਿ ਸਤੰਬਰ 2023 ਵਿਚ ਰਾਊਸ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਇਕ ਹੋਰ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਬਰੀ ਕਰ ਦਿੱਤਾ।
