ਗੁਰਦਾਸਪੁਰ : – ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲਾ ਗੁਰਦਾਸਪੁਰ ਨੇ ਇਕ ਵਾਰ ਫਿਰ ਸੂਬੇ ਭਰ ’ਚੋਂ ਉਦਯੋਗਿਕ ਨਿਵੇਸ਼ ਲਈ ਸਿੰਗਲ ਵਿੰਡੋ ਸਿਸਟਮ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਸਹੂਲਤਾਂ ਦੇਣ ਬਦਲੇ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਸੂਬਾ ਸਰਕਾਰ ਵੱਲੋਂ ਸਿੰਗਲ ਵਿੰਡੋ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਉਦਯੋਗ ਵਿਭਾਗ ਵੱਲੋਂ ਸੂਬੇ ਵਿਚ ਸਨਅਤੀ ਨਿਵੇਸ਼ ਅਤੇ ਕਾਰੋਬਾਰ ਕਰਨ ਵਿਚ ਸਹੂਲਤ ਅਤੇ ਸਹਾਇਤਾ ਦੇਣ ਦੇ ਅਾਧਾਰ ’ਤੇ ਵੱਖ-ਵੱਖ ਜ਼ਿਲ੍ਹਿਆਂ ਦਰਜਾਬੰਦੀ ਕੀਤੀ ਗਈ ਹੈ।
ਸੂਬਾ ਸਰਕਾਰ ਵੱਲੋਂ ਪ੍ਰਵਾਨਿਤ ਮਾਪਦੰਡਾਂ, ਦਿਸ਼ਾ-ਨਿਰਦੇਸ਼ਾਂ ਅਤੇ ਸਕੋਰਿੰਗ ਦੇ ਆਧਾਰ ’ਤੇ ਜਨਵਰੀ 2025 ਤੱਕ ਵੱਡੇ ਜ਼ਿਲਿਆਂ ਅਤੇ ਹੋਰ ਜ਼ਿਲਿਆਂ ਦੀ ਰੈਂਕਿੰਗ ਕੀਤੀ ਗਈ ਹੈ। ਇਸ ਸੂਚੀ ਵਿਚ ਅਦਰ ਡਿਸਟ੍ਰਿਕਟ ਕੈਟਾਗਰੀ ਵਿਚ ਜ਼ਿਲਾ ਗੁਰਦਾਸਪੁਰ ਨੇ ਪਹਿਲਾ, ਜਦਕਿ ਦੂਸਰੇ ਸਥਾਨ ’ਤੇ ਮਾਨਸਾ ਅਤੇ ਤੀਸਰੇ ਸਥਾਨ ’ਤੇ ਫ਼ਾਜ਼ਿਲਕਾ ਰਿਹਾ ਹੈ। ਇਸ ਤੋਂ ਇਲਾਵਾ ਲਾਰਜ ਡਿਸਟ੍ਰਿਕਟ ਕੈਟਾਗਰੀ ਵਿਚ ਪਹਿਲਾ ਸਥਾਨ ਜ਼ਿਲਾ ਐੱਸ. ਏ. ਐੱਸ. ਨਗਰ ਮੋਹਾਲੀ, ਦੂਸਰਾ ਸਥਾਨ ਹੁਸ਼ਿਆਰਪੁਰ ਅਤੇ ਤੀਸਰਾ ਸਥਾਨ ਸੰਗਰੂਰ ਨੇ ਹਾਸਲ ਕੀਤਾ ਹੈ।
ਇਸ ਪ੍ਰਾਪਤੀ ’ਤੇ ਜ਼ਿਲਾ ਗੁਰਦਾਸਪੁਰ ਮੋਹਰੀ ਰਹਿਣ ’ਤੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਜ਼ਿਲਾ ਵਾਸੀਆਂ ਅਤੇ ਪ੍ਰਸ਼ਾਸਨ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਵਿਭਾਗ ਸਮੇਤ ਹੋਰ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਜ਼ਿਲਾ ਗੁਰਦਾਸਪੁਰ ਨੇ ਸੂਬੇ ਭਰ ’ਚੋਂ ਉਦਯੋਗਿਕ ਨਿਵੇਸ਼ ਲਈ ਸਿੰਗਲ ਵਿੰਡੋ ਸਿਸਟਮ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਵਧੀਆ ਸਹੂਲਤਾਂ ਸਦਕਾ ਅਦਰ ਡਿਸਟ੍ਰਿਕਟ ਕੈਟਾਗਰੀ ਵਿਚ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਆਪਣੇ ਜ਼ਿਲੇ ਵਿਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਅਤੇ ਚੱਲ ਰਹੇ ਸਨਅਤੀ ਅਦਾਰਿਆਂ ਨੂੰ ਸਨਅਤ ਪੱਖੀ ਮਹੌਲ ਦੇਣ ਲਈ ਵਚਨਬੱਧ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਗੁਰਦਾਸਪੁਰ ਨੇ ਸਾਲ 2023 ਵਿਚ ਸਿੰਗਲ ਵਿੰਡੋ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਨਅਤੀ ਨਿਵੇਸ਼ ਤੇ ਕਾਰੋਬਾਰ ਕਰਨ ਵਿਚ ਸਹੂਲਤਾਂ ਦੇਣ ਬਦਲੇ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।