ਸਿਵਲ ਹਸਪਤਾਲ ’ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

ਹਮਲਾਵਰਾਂ ਨੇ ਸ਼ਰੇਆਮ ਕੀਤੀ ਭੰਨਤੋੜ

ਡਾਕਟਰਾਂ ਅਤੇ ਸਿਹਤ ਅਮਲੇ ਨੇ ਮੁਸ਼ਕਲ ਨਾਲ ਬਚਾਈ ਜਾਨ

ਗੁਰਦਾਸਪੁਰ : ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ’ਚ ਹੋਈ ਗੁੰਡਾਗਰਦੀ ਦਾ ਮਸਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਹੁਣ ਬੀਤੀ
ਰਾਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਬੱਬਰੀ ਵਿਖੇ ਵੀ ਕੁਝ ਹਮਲਾਵਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਕੇ ਨਾ ਸਿਰਫ ਕਾਇਦੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ, ਸਗੋਂ ਇਸ ਨਾਲ ਇਕ ਵਾਰ ਮੁੜ ਸਰਕਾਰੀ ਹਸਪਤਾਲਾਂ ਵਿਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਹਮਲਾਵਰਾਂ ਵੱਲੋਂ ਇਕ ਮਰੀਜ਼ ਅਤੇ ਉਸ ਦੇ ਵਾਰਿਸਾਂ ’ਤੇ ਕੀਤੇ ਹਮਲੇ ਦੌਰਾਨ ਡਾਕਟਰਾਂ ਅਤੇ ਸਿਹਤ ਅਮਲੇ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ।
ਇਸ ਹਮਲੇ ਦੀ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਵਾਰਡ ’ਚ ਕੱਪੜੇ ਨਾਲ ਆਪਣੇ ਮੂੰਹ ਬੰਨਦੇ ਹਨ ਅਤੇ ਡਾਕਟਰ ਦੇ ਕਮਰੇ ’ਚ ਆ ਕੇ ਦੂਜੀ ਧਿਰ ’ਤੇ ਹਮਲਾ ਕਰ ਦਿੰਦੇ ਹਨ ਅਤੇ ਫਰਾਰ ਹੋ ਜਾਂਦੇ ਹਨ।
ਜਾਣਕਾਰੀ ਦਿੰਦਿਆਂ ਡਾਕਟਰ ਭੁਪੇਸ਼ ਨੇ ਦੱਸਿਆ ਕਿ ਬੀਤੀ ਰਾਤ ਡਾਕਟਰ ਰੋਹਿਤ ਆਪਣੀ ਡਿਊਟੀ ’ਤੇ ਤਾਇਨਾਤ ਸੀ, ਇਸ ਦੌਰਾਨ ਲੜਾਈ ਝਗੜੇ ਦੇ ਮਾਮਲੇ ਵਿਚ ਇਕ ਧਿਰ ਦੇ ਲੋਕ ਇਲਾਜ ਕਰਵਾਉਣ ਲਈ ਹਸਪਤਾਲ ਆਉਂਦੇ ਹਨ, ਜਿਨ੍ਹਾਂ ਨੂੰ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਇਸੇ ਦੌਰਾਨ ਦੂਜੀ ਧਿਰ ਵੀ ਆ ਕੇ ਡਾਕਟਰ ਦੇ ਕਮਰੇ ’ਚ ਬੈਠੀ ਸੀ ਅਤੇ ਡਾਕਟਰ ਵੱਲੋਂ ਉਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪਹਿਲੀ ਧਿਰ ਦੇ ਕੁਝ ਨੌਜਵਾਨਾਂ ਨੇ ਆ ਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਡਾਕਟਰ ਦੇ ਕਮਰੇ ’ਚ ਵੀ ਭੰਨਤੋੜ ਕੀਤੀ।
ਇਸ ਦੌਰਾਨ ਉਕਤ ਵਿਅਕਤੀ ਝਗੜਦੇ ਝਗੜਦੇ ਵਾਰਡ ’ਚ ਚਲੇ ਗਏ, ਜਿਥੇ ਮਰੀਜ਼ ਦਾਖਲ ਸਨ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਰਾਤ ਅਤੇ ਦਿਨ ਸਮੇਂ ਇਕ ਹੀ ਸੁਰੱਖਿਆ ਕਰਮੀ ਮੌਜੂਦ ਹੁੰਦਾ ਹੈ, ਜੋ ਏਨੇ ਵੱਡੇ ਹਸਪਤਾਲ ਦੀ ਸੁਰੱਖਿਆ ਲਈ ਕਾਫੀ ਨਹੀਂ ਹੈ। ਇਸ ਤਰ੍ਹਾਂ ਦੇ ਮਾਹੌਲ ’ਚ ਡਾਕਟਰਾਂ ਨੂੰ ਕੰਮ ਕਰਨਾ ਕਾਫੀ ਔਖਾ ਹੁੰਦਾ ਹੈ।
ਇਸ ਘਟਨਾ ਕਾਰਨ ਸਿਵਲ ਹਸਪਤਾਲ ਵਿਖੇ ਪਹੁੰਚੇ ਐੱਸ. ਐੱਸ. ਪੀ. ਗੁਰਦਾਸਪੁਰ ਅਾਦਿੱਤਿਆ ਨੇ ਕਿਹਾ ਕਿ ਸੀ. ਸੀ. ਟੀ. ਵੀ. ਦੇ ਅਾਧਾਰ ’ਤੇ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ। ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਹਸਪਤਾਲ ’ਚ ਜੋ ਭੰਨਤੋੜ ਕੀਤੀ ਗਈ ਹੈ, ਉਸ ਦਾ ਹਰਜਾਨਾ ਵੀ ਇਨ੍ਹਾਂ ਮੁਲਜ਼ਮਾਂ ਦੇ ਕੋਲੋਂ ਭਰਿਆ ਜਾਵੇਗਾ ਅਤੇ ਹਸਪਤਾਲ ਦੀ ਸੁਰੱਖਿਆ ਵੀ ਬਹਾਲ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਜ਼ਿਲਾ ਹਸਪਤਾਲ (ਗੁਰਦਾਸਪੁਰ ਵਿਖੇ ਹੋਈ ਹਿੰਸਾ ’ਚ ਤੁਰੰਤ ਕਾਰਵਾਈ ਕਰਦੇ ਹੋਏ ਜਿਥੇ ਪੁਲਸ ਵੱਲੋਂ ਦੋਵਾਂ ਧਿਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਸ ਦੇ ਨਾਲ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਇਕ ਸ਼ਾਂਤਮਈ ਸਥਾਨ ਹੈ ਅਤੇ ਹਸਪਤਾਲ ਦੇ ਅਹਾਤੇ ’ਚ ਕਿਸੇ ਵੀ ਤਰ੍ਹਾਂ ਦੀ ਹਿੰਸਾ, ਝੜਪਾਂ, ਝਗੜੇ ਜਾਂ ਭੰਨਤੋੜ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੈਡੀਕਲ ਕਰਮਚਾਰੀ ਵਿਰੁੱਧ ਹਿੰਸਾ ਅਤੇ ਹਸਪਤਾਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਇਕ ਗੈਰ-ਜ਼ਮਾਨਤੀ ਅਪਰਾਧ ਹੈ ਅਤੇ ਹਸਪਤਾਲ ਦੇ ਪ੍ਰੋਟੋਕੋਲ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਝੜਪ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਹਸਪਤਾਲ ਨੂੰ ਹੋਏ ਸਾਰੇ ਨੁਕਸਾਨ ਦਾ 10 ਗੁਣਾ ਭੁਗਤਾਨ ਕਰਨਾ ਪਵੇਗਾ।

Leave a Reply

Your email address will not be published. Required fields are marked *