ਸਿਡਨੀ ਵਿਚ ਪਲਟਿਆ ਟਰੱਕ, ਪੰਜਾਬੀ ਨੌਜਵਾਨ ਦੀ ਮੌਤ

ਆਸਟਰੇਲੀਆ – ਬੀਤੇ ਦਿਨ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਹਾਈਵੇਅ ਤੇ ਟਰੱਕ ਦੇ ਪਲਟਨ ਨਾਲ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਆਸਟਰੇਲੀਆ ਤੋਂ ਪਰਿਵਾਰਕ ਸੂਤਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿਚ ਇਮਾਰਤੀ ਸਮੱਗਰੀ ਲੋਡ ਕੀਤੀ ਹੋਈ ਸੀ ਅਤੇ ਹਾਈਵੇਅ ‘ਤੇ ਜਾ ਰਿਹਾ ਸੀ ਕਿ ਅਚਾਨਕ 12 ਤੇ 13 ਫਰਵਰੀ ਦੀ ਦਰਮਿਆਨੀ ਰਾਤ ਸਮੇਂ ਪਲਟ ਗਿਆ ਅਤੇ ਦੂਜੇ ਪਾਸੇ ਤੋਂ ਆ ਰਿਹਾ ਇਕ ਹੋਰ ਟਰੱਕ ਵੀ ਇਸ ਨਾਲ ਟਕਰਾਅ ਗਿਆ ।
ਸਿਡਨੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਚਾਲੂ ਕੀਤੇ, ਜਿਸ ਵਿਚ ਵੱਡੀ ਮੁਸ਼ੱਕਤ ਨਾਲ ਇਕ ਪੰਜਾਬੀ ਟਰੱਕ ਦੇ ਡਰਾਈਵਰ 29 ਸਾਲਾਂ ਨੌਜਵਾਨ ਸਤਬੀਰ ਸਿੰਘ ਥਿੰਦ ਪੁੱਤਰ ਤਰਸੇਮ ਸਿੰਘ ਰਿਟਾਇਰਡ ਏ. ਐਸ. ਆਈ. ਪਿੰਡ ਠੱਟਾ ਨਵਾਂ (ਹਾਲ ਵਾਸੀ ਕਪੂਰਥਲਾ) ਨੂੰ ਬਾਹਰ ਕੱਢਿਆ ਗਿਆ, ਜਿਸ ਦੀ ਬਦਕਿਸਮਤੀ ਨਾਲ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।
7 ਘੰਟੇ ਮਲਬੇ ਵਿਚ ਫਸਿਆ ਰਿਹਾ ਡਰਾਈਵਰ
ਦੂਜੇ ਟਰੱਕ ਦੇ ਇਕ 27 ਸਾਲਾ ਡਰਾਈਵਰ ਨੂੰ ਗੰਭੀਰ ਹਾਲਤ ਵਿਚ ਕੈਨਬਰਾ ਹਸਪਤਾਲ ਲਿਜਾਇਆ ਗਿਆ। ਦੁਰਘਟਨਾ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਇਕ ਆਦਮੀ ਸਿਡਨੀ ਤੋਂ ਸੀ, ਦੂਜਾ ਮੈਲਬੌਰਨ ਤੋਂ ਸੀ। 27 ਸਾਲਾ ਡਰਾਈਵਰ ਤਕਰੀਬਨ 7 ਘੰਟੇ ਮਲਬੇ ਵਿਚ ਫਸਿਆ ਰਿਹਾ, ਜਿਸ ਨੂੰ ਬਚਾਅ ਕਰਮਚਾਰੀਆਂ ਵੱਲੋਂ ਭਾਰੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ।
ਦੋਵੇਂ ਟਰੱਕ ਪਲਟ ਕੇ ਚਕਨਾਚੂਰ ਹੋ ਗਏ। ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਬੀਰ ਸਿੰਘ ਥਿੰਦ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਭਾਰਤ ਭੇਜਣ ਲਈ ਵਿਚਾਰ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *