ਡੀ. ਜੀ. ਪੀ. ਨੇ ਕੀਤੀ ਸ਼ੁਰੂਆਤ
ਕਿਹਾ-ਪੂਰੇ ਜ਼ਿਲੇ ਦੇ ਕੈਮਰਿਆਂ ਦਾ ਕੰਟਰੋਲ ਸਾਈਬਰ ਥਾਣੇ ’ਚ ਹੋਵੇਗਾ

ਪਠਾਨਕੋਟ :- ਅੱਜ ਪੰਜਾਬ ਦੇ ਜ਼ਿਲਾ ਪਠਾਨਕੋਟ ’ਚ ਅੱਜ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪਠਾਨਕੋਟ ਥਾਣਾ ਡਵੀਜ਼ਨ ਨੰਬਰ-01 ਦੀ ਦੂਸਰੀ ਮੰਜ਼ਿਲ ’ਤੇ ਬਣਾਇਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਕੀਤੀ ਗਈ ਤਾਂ ਜੋ ਸਾਈਬਰ ਠੱਗਾਂ ਨਾਲ ਨਜਿਠਿਆ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਗੱਲ ਕੀਤੀ ਹੈ।
ਪਠਾਨਕੋਟ ਪਹੁੰਚੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪਠਾਨਕੋਟ ਵਿਖੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਅੱਜ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਥੇ ਸਾਈਬਰ ਠੱਗਾਂ ਦੇ ਨਾਲ ਨਜਿੱਠਿਆ ਜਾਵੇਗਾ ਅਤੇ ਪੰਜਾਬ ਦੇ ਹਰ ਜ਼ਿਲੇ ’ਚ ਇਕ ਸਾਈਬਰ ਥਾਣਾ ਖੋਲ੍ਹਿਆ ਜਾਵੇਗਾ। ਉਹਨਾਂ ਦੱਸਿਆ ਕਿ ਪਠਾਨਕੋਟ ਵਿਖੇ ਜੋ ਸਾਈਬਰ ਥਾਣਾ ਖੋਲ੍ਹਿਆ ਗਿਆ ਹੈ ਪੂਰੇ ਜ਼ਿਲੇ ਦੇ ਕੈਮਰਿਆਂ ਦਾ ਕੰਟਰੋਲ ਇਸ ਸਾਈਬਰ ਥਾਣੇ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿਖੇ ਹੋਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਸੁਰੱਖਿਆ ਨੂੰ ਪੁਖਤਾ ਬਣਾਇਆ ਜਾ ਸਕੇ।
ਦੂਜੇ ਪਾਸੇ ਸਰਹੱਦੀ ਇਲਾਕੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸੁਰੱਖਿਆ ਨੂੰ ਪੁਖਤਾ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ ਅਤੇ ਹੋਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਨੂੰ ਅਪਗ੍ਰੇਡ ਕਰਨ ਲਈ ਜਿਥੇ ਇਕ ਪਾਸੇ ਥਾਣਿਆਂ ਵਿਖੇ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੋਰ ਸਾਮਾਨ ਵੀ ਖਰੀਦੇ ਜਾ ਰਹੇ ਹਨ ਤਾਂ ਕਿ ਪੰਜਾਬ ਪੁਲਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸਰਹੱਦੀ ਇਲਾਕੇ ਵਿਖੇ ਤਾਇਨਾਤ ਸੈਕਿੰਡ ਡਿਫੈਂਸ ਆਫ ਲਾਈਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਸਰਹੱਦੀ ਇਲਾਕੇ ’ਚ ਕਿਸੇ ਵੀ ਘਟਨਾ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ।
