ਸਾਈਂ ਅਕੈਡਮੀ ਕੁਰੂਕਸ਼ੇਤਰ ਨੇ ਜਿੱਤਿਆ ਗੁਰਦਾਸਪੁਰ ਜੂਨੀਅਰ ਹਾਕੀ ਗੋਲਡ ਕੱਪ

ਮਾਨ ਸਰਕਾਰ ਸੂਬੇ ਵਿਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ : ਚੇਅਰਮੈਨ ਬਹਿਲ

ਗੁਰਦਾਸਪੁਰ – ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਸਰਕਾਰੀ ਕਾਲਜ ਦੇ ਹਾਕੀ ਮੈਦਾਨ ਵਿਚ ਕਰਵਾਇਆ ਗਿਆ 11ਵਾਂ ਆਲ ਇੰਡੀਆ ਗੁਰਦਾਸਪੁਰ ਜੂਨੀਅਰ ਹਾਕੀ ਗੋਲਡ ਕੱਪ ਸਾਈਂ ਹਾਕੀ ਅਕੈਡਮੀ ਕੁਰੂਕਸ਼ੇਤਰ ਦੀ ਟੀਮ ਨੇ ਨਿਊ ਗੁਰਦਾਸਪੁਰ ਹਾਕੀ ਕਲੱਬ ਦੀ ਟੀਮ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਲਿਆ ਹੈ। ਤਿੰਨ ਰੋਜ਼ਾ ਇਸ ਯੂਨੀਅਰ ਹਾਕੀ ਗੋਲਡ ਕੱਪ ਵਿਚ ਕੁੱਲ 12 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ’ਚ 6 ਟੀਮਾਂ ਪੰਜਾਬ ਦੀਆਂ ਸਨ, ਜਦੋਕਿ 6 ਟੀਮਾਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਰਾਜਾਂ ਨਾਲ ਸਬੰਧਿਤ ਸਨ।

ਸੈਮੀਫਾਈਨਲ ਮੈਚ ’ਚ ਨਿਊ ਗੁਰਦਾਸਪੁਰ ਹਾਕੀ ਕਲੱਬ ਦੀ ਟੀਮ ਨੇ ਰਾਜਾ ਕਰਨ ਹਾਕੀ ਅਕੈਡਮੀ ਕਰਨਾਲ ਨੂੰ ਹਰਾਇਆ, ਜਦੋਂਕਿ ਸਾਈਂ ਹਾਕੀ ਅਕੈਡਮੀ ਕੁਰੂਕਸ਼ੇਤਰ ਨੇ ਸ਼ਾਹਬਾਦ ਮਾਰਕੰਡਾ ਹਾਕੀ ਅਕੈਡਮੀ ਨੂੰ ਹਰਾਇਆ। ਫਾਈਨਲ ਮੁਕਾਬਲਾ ਨਿਊ ਗੁਰਦਾਸਪੁਰ ਹਾਕੀ ਕਲੱਬ ਤੇ ਸਾਈਂ ਹਾਕੀ ਅਕੈਡਮੀ ਕੁਰੂਕਸ਼ੇਤਰ ਦਰਮਿਆਨ ਖੇਡਿਆ ਗਿਆ, ਜਿਸ ’ਚ ਕੁਰੂਕਸ਼ੇਤਰ ਟੀਮ 4-0 ਨਾਲ ਜੇਤੂ ਰਹੀ।

ਇਸ ਦੌਰਾਨ ਜੇਤੂ ਟੀਮ 31000 ਰੁਪਏ ਅਤੇ ਗੋਲਡ ਕੱਪ ਦਿੱਤਾ ਗਿਆ, ਜਦੋਂਕਿ ਦੂਜੇ ਸਥਾਨ ’ਤੇ ਰਹੀ ਗੁਰਦਾਸਪੁਰ ਦੀ ਟੀਮ 21000 ਰੁਪਏ ਅਤੇ ਰਨਰਅਪ ਟਰਾਫ਼ੀ ਦਿੱਤੀ ਗਈ। ਮੈਨ ਆਫ਼ ਦੀ ਟੂਰਨਾਮੈਂਟ ਕੁਰੂਕਸ਼ੇਤਰ ਦੀ ਟੀਮ ਦਾ ਖਿਡਾਰੀ ਦਿਯਾ ਰਾਮ ਰਿਹਾ, ਜਿਸ ਨੂੰ 3100 ਰੁਪਏ ਅਤੇ ਟਰਾਫ਼ੀ ਦਿੱਤੀ ਗਈ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਨਿਊ ਗੁਰਦਾਸਪੁਰ ਹਾਕੀ ਕਲੱਬ ਦਾ ਇਹ ਉਪਰਾਲਾ ਬਹੁਤ ਵਧੀਆ ਹੈ, ਜੋ ਹਰ ਸਾਲ ਹਾਕੀ ਟੂਰਨਾਮੈਂਟ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ ’ਚ ਰਹਿਣਾ ਸਿਖਾਉਂਦੀਆਂ ਹਨ।  ਉਹ ਗੁਰਦਾਸਪੁਰ ਹਾਕੀ ਕਲੱਬ ਦੇ ਇਸ ਨੇਕ ਕਾਰਜ ’ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ।

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਹਾਕੀ ਮੈਦਾਨ ਨੂੰ ਅਪਗ੍ਰੇਡ ਕਰਨ ਅਤੇ ਇਸ ਉੱਪਰ ਐਸਟਰੋਟਰਫ ਲਗਾਉਣ ਲਈ ਉਹ ਸਰਕਾਰ ਤੱਕ ਪਹੁੰਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਸੂਬੇ ਵਿਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ।

ਇਸ ਮੌਕੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਮੋਹਿਤ ਮਹਾਜਨ, ਸਾਬਕਾ ਕੈਪਟਨ ਜੋਗਿੰਦਰ ਸਿੰਘ ਪ੍ਰਧਾਨ, ਦਸਮਿੰਦਰ ਨੋਨੀ ਪੈਟਰਨ, ਗੁਰਪ੍ਰੀਤ ਸਿੰਘ ਵਾਈਸ ਪ੍ਰਧਾਨ, ਦਰਬਾਰਾ ਸਿੰਘ ਜਾਇੰਟ ਸੈਕਟਰੀ, ਰਜਿੰਦਰ ਪੱਪੂ ਕੈਸ਼ੀਅਰ, ਰਾਜੇਸ਼ ਰਾਜੂ ਜਨਰਲ ਸੈਕਟਰੀ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਤੇ ਮੁਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *