ਸ਼ੰਭੂ ਮੋਰਚੇ ਤੋਂ ਐਲਾਨ : 25  ਨੂੰ ਕਿਸਾਨਾਂ ਦਾ ਜਥਾ ਕਰੇਗਾ ਦਿੱਲੀ ਵੱਲ ਮਾਰਚ

12 ਫਰਵਰੀ ਨੂੰ ਮੁੜ ਹੋਵੇਗੀ ਤਿੰਨੇ ਕਿਸਾਨ ਗਰੁੱਪਾਂ ਵਿਚ ਏਕਤਾ ਸਬੰਧੀ ਮੀਟਿੰਗ

ਪਟਿਆਲਾ  : ਐੱਮ. ਐੱਸ. ਪੀ. ਸਮੇਤ 12 ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ਵਿਚ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉਪਰ ਕਿਸਾਨ ਮਹਾਪੰਚਾਇਤ ਹੋਵੇਗੀ। ਉਧਰੋ ਅੱਜ ਸ਼ੰਭੂ ਬਾਰਡਰ ’ਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਐਲਾਨ ਕੀਤਾ  ਕਿ 25 ਫਰਵਰੀ ਨੂੰ ਕਿਸਾਨਾਂ ਦਾ ਜਥਾ ਦਿੱਲੀ ਵੱਲ ਪੈਦਲ ਮਾਰਚ ਕਰੇਗਾ।

ਕਿਸਾਨ ਨੇਤਾਵਾਂ ਨੇ ਆਖਿਆ ਕਿ 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਅਤੇ 12 ਫਰਵਰੀ ਨੂੰ ਹੀ ਤਿੰਨੇ ਕਿਸਾਨ ਗਰੁੱਪਾਂ ਵਿਚਕਾਰ ਇਕ ਏਕਤਾ ਲਈ ਸਾਂਝੀ ਮੀਟਿੰਗ ਵੀ ਕੀਤੀ ਜਾ ਰਹੀ ਹੈ। 13 ਫਰਵਰੀ ਨੂੰ ਸ਼ੰਭੂ ਮੋਰਚੇ ਵਿਖੇ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹਨ। ਕਿਸਾਨਾਂ ਵੱਲੋਂ ਇਕ ਦਮ ਐਕਸ਼ਨ ਪਲਾਨ ਦੇਣ ਤੋਂ ਸਪੱਸ਼ਟ ਹੈ ਕਿ ਕਿਸਾਨ ਕੇਂਦਰ ਸਰਕਾਰ ’ਤੇ 14 ਮਾਰਚ ਦੀ ਕੇਂਦਰ ਅਤੇ ਕਿਸਾਨ ਨੇਤਾਵਾਂ ਵਿਚਕਾਰ ਮੀਟਿੰਗ ਦਾ ਪ੍ਰੈਸ਼ਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਕਿਸਾਨ ਮਸਲਿਆਂ ਦਾ ਹੱਲ ਹੋ ਸਕੇ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 12 ਫਰਵਰੀ  ਨੂੰ ਸੱਦੀ ਗਈ ਮੀਟਿੰਗ ਵਿਚ ਦਿੱਲੀ ਅੰਦੋਲਨ-2 ਵੱਲੋਂ ਆਗੂਆਂ ਦਾ ਵਫ਼ਦ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਜਾ ਰਿਹਾ ਹੈ। ਅਸੀਂ ਸਮੁੱਚੀ ਏਕਤਾ ਦੇ ਹਾਮੀਂ ਹਾਂ ਪਰ ਕਿਸ ਤਰ੍ਹਾਂ ਦੀ ਏਕਤਾ ਉਪਰ ਸਹਿਮਤੀ ਬਣਦੀ ਹੈ, ਇਹ ਮੀਟਿੰਗ ’ਚ ਹੀ ਹੋਵੇਗਾ।

ਉਨਾ ਕਿਹਾ ਕਿ 14 ਫਰਵਰੀ ਨੂੰ ਚੰਡੀਗੜ੍ਹ ’ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵਿਚ ਸ਼ਿਰਕਤ ਕਰਾਂਗੇ, ਹਾਲਾਂਕਿ ਸਰਕਾਰ ਦੇ ਮਨਸ਼ੇ ਇਸ ਵਾਰ ਦੇ ਬਜਟ ਪੇਸ਼ ਕਰਨ ਵੇਲੇ ਵੀ ਸਾਫ਼ ਹੋ ਚੁੱਕੇ ਹਨ ਪਰ ਅਸੀਂ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਮੋਰਚੇ ਦਾ ਇਕ ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਸ਼ੰਭੂ ਪਹੁੰਚ ਰਹੇ ਹਨ ਅਤੇ ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ 14 ਦੀ ਮੀਟਿੰਗ ਵਿਚ ਕੋਈ ਸੁਚੱਜਾ ਹੱਲ ਨਹੀਂ ਕੱਢਿਆ ਜਾਂਦਾ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ।

ਨੌਜਵਾਨ ਐਥਲੀਟ ਕੋਚ ਦਿਲਪ੍ਰੀਤ ਕਿਸਾਨਾਂ ਦੇ ਹੱਕ ਵਿਚ 302 ਕਿਲੋਮੀਟਰ ਪੈਦਲ ਦੌੜ ਲਗਾਵੇਗਾ

ਕਿਸਾਨ ਨੇਤਾਵਾਂ ਨੇ ਕਿਹਾ ਕਿ ਖੰਨਾ ਤੋਂ ਨੌਜਵਾਨ ਅੈਥਲੀਟ ਕੋਚ ਦਿਲਪ੍ਰੀਤ ਸਿੰਘ, ਕਿਸਾਨ ਅੰਦੋਲਨ-2 ਦੀਆਂ ਮੰਗਾਂ ਦੇ ਹੱਕ ’ਚ ਪਾਰਲੀਮੈਂਟ ਤੱਕ 302 ਕਿਲੋਮੀਟਰ ਦਾ ਪੈਂਡਾ ਦੌੜ ਲਗਾ ਕੇ ਤੈਅ ਕਰਨ ਜਾ ਰਹੇ ਹਨ, ਅੰਦੋਲਨਕਾਰੀ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਡੀਪੋਰਟ ਕੀਤੇ ਭਾਰਤੀ ਨਾਗਰਿਕਾਂ ਬਾਰੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਨੂੰ ਤਾੜਨਾ ਕਰਨੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਧਾਰੀ ਚੁੱਪੀ ਦੇਸ਼ ਦਾ ਅਪਮਾਨ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਪੀੜਤ ਨੌਜਵਾਨਾਂ ਦੀ ਮਾਲੀ ਸਹਾਇਤਾ ਅਤੇ ਪੁਨਰਵਾਸ ਲਈ ਯੋਜਨਾ ਬਣਾਈ ਜਾਵੇ।

Leave a Reply

Your email address will not be published. Required fields are marked *