ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਇਥੇ ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਕਾਰ ਦੁਵੱਲੀ ਗੱਲਬਾਤ ਹੋਈ।
ਇਸ ਦੌਰਾਨ ਮੋਦੀ ਨੇ ਭਾਰਤੀ ਮਛੇਰਿਆਂ ਦੀ ਗ੍ਰਿਫ਼ਤਾਰੀ ’ਤੇ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਇਹ ਮਛੇਰਿਆਂ ਦੀ ਰੋਜ਼ੀ-ਰੋਟੀ ਦਾ ਮੁੱਦਾ ਹੈ। ਅਸੀਂ ਮਛੇਰਿਆਂ ਨੂੰ ਤੁਰੰਤ ਛੱਡਣ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਛੱਡਣ ਬਾਰੇ ਗੱਲ ਕੀਤੀ ਹੈ। ਅਸੀਂ ਸਹਿਮਤ ਹਾਂ ਕਿ ਸਾਨੂੰ ਇਸ ਮਾਮਲੇ ਵਿੱਚ ਮਨੁੱਖੀ ਤੌਰ ’ਤੇ ਅੱਗੇ ਵਧਣਾ ਚਾਹੀਦਾ ਹੈ। ਤਾਮਿਲ ਮੁੱਦੇ ’ਤੇ, ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੀਲੰਕਾ ਸਰਕਾਰ ਤਾਮਿਲਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ ਅਤੇ ਸ਼੍ਰੀਲੰਕਾ ਦੇ ਸੰਵਿਧਾਨ ਦੇ ਤਹਿਤ ਉਨ੍ਹਾਂ ਨੂੰ ਦਿੱਤੇ ਗਏ ਪੂਰੇ ਅਧਿਕਾਰਾਂ ਨੂੰ ਲਾਗੂ ਕਰੇਗੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਦਿੱਤਾ। ਮਿੱਤਰ ਭੂਸ਼ਣ ਪੁਰਸਕਾਰ ਸ਼੍ਰੀਲੰਕਾ ਦਾ ਗ਼ੈਰ-ਨਾਗਰਿਕਾਂ ਲਈ ਸਭ ਤੋਂ ਵੱਡਾ ਸਨਮਾਨ ਹੈ। ਮੋਦੀ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਨਹੀਂ ਹੈ, ਸਗੋਂ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਸ਼੍ਰੀਲੰਕਾ ਦੇ ਲੋਕਾਂ ਵਿਚਕਾਰ ਇਤਿਹਾਸਕ ਸਬੰਧਾਂ ਅਤੇ ਡੂੰਘੀ ਦੋਸਤੀ ਨੂੰ ਸ਼ਰਧਾਂਜਲੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦਿਸਾਨਾਯਕੇ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਸੀ ਅਤੇ ਮੈਨੂੰ ਉਨ੍ਹਾਂ ਦਾ ਪਹਿਲਾ ਵਿਦੇਸ਼ੀ ਮਹਿਮਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸਾਡੇ ਵਿਦੇਸ਼ੀ ਸਬੰਧਾਂ ਦੀ ਡੂੰਘਾਈ ਦਾ ਪ੍ਰਤੀਕ ਹੈ।


