ਸ਼ਿਵ ਸੈਨਾ ਆਗੂ ਦੀ ਹੱਤਿਆ ਦੇ ਦੋਸ਼ੀਆਂ ਦੀ ਪੁਲਸ ਨਾਲ ਮੁਠਭੇੜ, 3 ਗ੍ਰਿਫਤਾਰ

2 ਪਿਸਤੌਲ ਬਰਾਮਦ

ਸ੍ਰੀ ਮੁਕਤਸਰ ਸਾਹਿਬ  :- ਮੋਗਾ ’ਚ ਸ਼ਿਵ ਸੈਨਾ ਆਗੂ ਦੀ ਹੱਤਿਆ ਕਰਨ ਵਾਲੇ ਤਿੰਨ ਦੋਸ਼ੀਆਂ ਦੀ ਮੁਕਤਸਰ ਦੀ ਸੀ. ਆਈ. ਏ. ਮਲੋਟ ਤੇ ਮੋਗਾ ਦੀ ਟੀਮ ਨਾਲ ਮਲੋਟ ਬੱਸ ਅੱਡੇ ’ਤੇ ਸ਼ੁੱਕਰਵਾਰ ਰਾਤ 10 ਵਜੇ ਮੁਠਭੇੜ ਹੋ ਗਈ। ਇਸ ਦੌਰਾਨ ਤਿੰਨ ਦੋਸ਼ੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਤਿੰਨੇ ਦੋਸ਼ੀਆਂ ਨੇ ਪਿਛਲੇ ਦਿਨੀਂ ਮੋਗਾ ’ਚ ਸ਼ਿਵ ਸੈਨਾ ਆਗੂ ਮੰਗਤ ਰਾਮ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਇੰਟਰਨੈੱਟ ’ਤੇ ਵੀਡੀਓ ਪਾ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।

ਮੋਗਾ ਸੀ. ਆਈ. ਏ. ਟੀਮ ਨੂੰ ਤਿੰਨੇ ਦੋਸ਼ੀਆਂ ਦੇ ਮੁਕਤਸਰ ਜ਼ਿਲੇ ਦੇ ਮਲੋਟ ਖੇਤਰ ’ਚ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਮਲੋਟ ਸੀ. ਆਈ. ਏ. ਟੀਮ ਨਾਲ ਮਿਲ ਕੇ ਸਾਂਝੇ ਆਪ੍ਰੇਸ਼ਨ ’ਚ ਤਿੰਨੇ ਦੋਸ਼ੀਆਂ ਦੀ ਮਲੋਟ ’ਚ ਘੇਰਾਬੰਦੀ ਕੀਤੀ ਤੇ ਉਨ੍ਹਾਂ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ।

ਜਵਾਬੀ ਕਾਰਵਾਈ ’ਚ ਪੁਲਸ ਨੇ ਵੀ ਫਾਇਰ ਕੀਤੇ ਤੇ ਦੋ ਦੋਸ਼ੀਆਂ ਨੂੰ ਗੋਲੀ ਲੱਗੀ ਜਦਕਿ ਤੀਜਾ ਦੋਸ਼ੀ ਭੱਜਣ ਦੌਰਾਨ ਜ਼ਖਮੀ ਹੋ ਗਿਆ। ਤਿੰਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਿਸ ’ਚ ਦੋਸ਼ੀ ਅਰੁਣ ਉਰਫ਼ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅੰਗਦਪੁਰਾ ਮੁਹੱਲਾ ਜ਼ਿਲਾ ਮੋਗਾ ਤੇ ਅਰੁਣ ਉਰਫ਼ ਸਿੰਘਾ ਪੁੱਤਰ ਬੱਬੂ ਸਿੰਘ ਵਾਸੀ ਅੰਗਦਪੁਰਾ ਦੀ ਲੱਤ ’ਤੇ ਗੋਲੀ ਲੱਗੀ, ਜਦਕਿ ਤੀਜਾ ਦੋਸ਼ੀ ਰਾਜਵੀਰ ਉਰਫ਼ ਲਡੋ ਵਾਸੀ ਵੇਦਾਂਤ ਨਗਰ ਮੋਗਾ ਭੱਜਣ ਦੌਰਾਨ ਜ਼ਖਮੀ ਹੋ ਗਿਆ। ਪੁਲਸ ਨੇ ਤਿੰਨੇ ਦੋਸ਼ੀਆਂ ਨੂੰ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਖਮੀਆਂ ਨੂੰ ਮਲੋਟ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ 2 ਦੋਸ਼ੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਮੁਠਭੇੜ ਦੌਰਾਨ ਪੁਲਸ ਨੇ 32 ਬੋਰ ਤੇ 30 ਬੋਰ ਦੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।

Leave a Reply

Your email address will not be published. Required fields are marked *