ਕੈਬਨਿਟ ਮੰਤਰੀ ਨੇ ਸ਼ਹੀਦ ਜਵਾਨਾਂ ਦੀਆਂ ਪੇਂਟਿੰਗਾਂ ਅੱਗੇ ਸ਼ਰਧਾ ਦੇ ਫੁੱਲ ਕੀਤੇ ਭੇਟ
ਗੁਰਦਾਸਪੁਰ-ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਟੇਡੀਅਮ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸਟੇਡੀਅਮ ਦੇ ਪ੍ਰਵੇਸ਼ ਦੁਆਰ ’ਤੇ ਲਗਾਈ ਗਈ ਸ਼ਹੀਦੀ ਗੈਲਰੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ।
ਪ੍ਰੋਗਰਾਮ ’ਚ ਸੱਦੇ ਗਏ ਸ਼ਹੀਦ ਪਰਿਵਾਰਾਂ ਨੇ ਜਦੋਂ ਗੈਲਰੀ ’ਚ ਲੱਗੇ ਆਪਣੇ ਘਰਾਂ ਦੇ ਦੀਵਿਆਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਇਸ ਦੇ ਨਾਲ ਹੀ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਹੀਦੀ ਗੈਲਰੀ ’ਚ ਸਥਾਪਤ ਸ਼ਹੀਦ ਜਵਾਨਾਂ ਦੀਆਂ ਪੇਂਟਿੰਗਾਂ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਏ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਦੇ ਜਨਰਲ ਸਕੱਤਰ ਪ੍ਰਧਾਨ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਗੈਲਰੀ ’ਚ ਲਗਾਈਆਂ ਗਈਆਂ 60 ਸ਼ਹੀਦ ਫੌਜੀਆਂ ਦੀਆਂ ਤਸਵੀਰਾਂ ਅਤੇ ਹਰ ਸ਼ਹੀਦ ਦੀ ਬਹਾਦਰੀ ਦੀ ਕਹਾਣੀ ਜਦੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੁਣਾਈ ਤਾਂ ਉਹ ਵੀ ਭਾਵੁਕ ਹੋਏ ਬਿਨਾਂ ਨਾ ਰਹਿ ਸਕੇ।
ਹਰ ਸ਼ਹੀਦ ਸੈਨਿਕ ਦੀਆਂ ਤਸਵੀਰਾਂ ਦੇਖਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਇਨ੍ਹਾਂ ਬਹਾਦਰ ਸੈਨਿਕਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਵਾਸੀ ਗਣਤੰਤਰ ਦਿਵਸ ਦੀ 76ਵੀਂ ਵਰ੍ਹੇਗੰਢ ਨੂੰ ਖੁਸ਼ੀ ਨਾਲ ਮਨਾ ਰਹੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ।
ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਜ਼ਿਲਾ ਹੈ, ਜਿਥੇ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਦੀ ਯਾਦ ’ਚ ਇਹ ਗੈਲਰੀ ਸਥਾਪਿਤ ਕਰ ਕੇ ਸ਼ਹੀਦ ਪਰਿਵਾਰਾਂ ਦਾ ਮਨੋਬਲ ਉੱਚਾ ਚੁੱਕਣ ਲਈ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਕੋਸ਼ਿਸ਼ ਦੀ ਰਵਾਇਤ ਅੱਜ ਵੀ ਜਾਰੀ ਹੈ।
ਇਸ ਮੌਕੇ ਜ਼ਿਲਾ ਸੈਸ਼ਨ ਜੱਜ ਰਜਿੰਦਰ ਅਗਰਵਾਲ, ਜ਼ਿਲਾ ਮੈਜਿਸਟਰੇਟ ਉਮਾ ਗੁਪਤਾ, ਏ. ਡੀ. ਜੀ. ਪੀ. ਨਰੇਸ਼ ਅਰੋੜਾ, ਐੱਸ. ਐੱਸ. ਪੀ. ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਏ. ਡੀ. ਸੀ. ਹਰਜਿੰਦਰ ਸਿੰਘ, ਸਹਾਇਕ ਕਮਿਸ਼ਨਰ ਅਦਿੱਤਿਆ ਗੁਪਤਾ, ਐੱਸ. ਡੀ. ਐੱਮ. ਮਨਜੀਤ ਸਿੰਘ ਰਾਜਲਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ‘ਆਪ’ ਦੇ ਸ਼ਹਿਰੀ ਜ਼ਿਲਾ ਹੈੱਡ ਸ਼ਮਸ਼ੇਰ ਸਿੰਘ ਸਮੇਤ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
