ਮੈਕਸੀਕੋ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਦੱਖਣੀ ਰਾਜ ਤਬਾਸਕੋ ਵਿਚ ਬੀਤੀ ਸਵੇਰੇ ਇਕ ਬੱਸ ਅਤੇ ਟਰੱਕ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਵਿਚ 41 ਲੋਕਾਂ ਦੀ ਮੌਤ ਹੋ ਗਈ।
ਮੈਕਸੀਕੋ ਸਰਕਾਰ ਮੁਤਾਬਕ ਬੱਸ ਵਿਚ ਸਵਾਰ 48 ਲੋਕਾਂ ਵਿਚੋਂ 38 ਯਾਤਰੀਆਂ ਅਤੇ ਦੋਵੇਂ ਡਰਾਈਵਰਾਂ ਦੀ ਮੌਤ ਹੋ ਗਈ। ਹਾਦਸੇ ਵਿਚ ਟਰੱਕ ਡਰਾਈਵਰ ਦੀ ਵੀ ਮੌਤ ਹੋ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਤਸਵੀਰਾਂ ਵਿਚ ਦਿਖਾਈ ਦੇ ਰਿਹਾ ਹੈ ਕਿ ਬੱਸ ਦਾ ਸਿਰਫ਼ ਲੋਹੇ ਦਾ ਢਾਂਚਾ ਹੀ ਬਚਿਆ ਹੈ।
ਰਾਇਟਰਜ਼ ਵੱਲੋਂ ਜਾਰੀ ਤਸਵੀਰਾਂ ਵਿਚ ਬੱਸ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ। ਟਬੈਸਕੋ ਸਕਿਓਰਿਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ 18 ਬੁਰੀ ਤਰ੍ਹਾਂ ਝੁਲਸੀਆਂ ਲਾਸ਼ਾਂ ਮਿਲੀਆਂ ਹਨ ਤੇ ਹੋਰਾਂ ਦੀ ਭਾਲ ਜਾਰੀ ਹੈ।’’ ਬੱਸ ਅਪਰੇਟਰ ਟੂਰਜ਼ ਐਕੋਸਟਾ ਨੇ ਫੇਸਬੁੱਕ ’ਤੇ ਇਕ ਪੋਸਟ ਵਿਚ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਧਰ ਸਥਾਨਕ ਅਥਾਰਿਟੀਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
