ਕਿਹਾ-ਲੋਹੜੀ ਦਾ ਤਿਉਹਾਰ ਸਾਨੂੰ ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ
ਪਠਾਨਕੋਟ : ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਭੋਆ ਦੇ ਬਮਿਆਲ ਬਲਾਕ ਅੰਦਰ ਹਿੰਦ-ਪਾਕਿ ਸਰਹੱਦ ’ਤੇ ਸਥਿਤ ਸੀਮਾ ਸੁਰੱਖਿਆ ਬਲ ਦੀ ਸਿੰਬਲ ਸਕੋਲ ਪੋਸਟ ’ਤੇ ਪਹੁੰਚੇ, ਸਭ ਤੋਂ ਪਹਿਲਾ ਉਨ੍ਹਾਂ ਸ਼ਹੀਦ ਕਮਲਜੀਤ ਸਿੰਘ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਸਲਾਮੀ ਦਿੱਤੀ। ਇਸ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐੱਸ. ਐੱਸ. ਪੀ. ਪਠਾਨਕੋਟ, ਨਰੇਸ ਸੈਣੀ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਪਠਾਨਕੋਟ ਅਤੇ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਹਰ ਸਾਲ ਹੀ ਆਉਂਦਾ ਹੈ ਪਰ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਹੀ ਖਾਸ ਹੈ ਕਿਉਂਕਿ ਉਨ੍ਹਾਂ ਨੂੰ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸ਼ਹੀਦ ਕਮਲਜੀਤ ਸਿੰਘ ਦੇ ਸਦਕਾ ਹੀ 1971 ਦੀ ਜੰਗ ਅੰਦਰ ਅਸੀਂ ਇਸ ਪੋਸਟ ’ਤੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦ ਫਿਜਾ ’ਚ ਜਿੰਦਾ ਹਾਂ ਅਤੇ ਸਾਡੇ ਪਰਿਵਾਰ ਸੁਰੱਖਿਅਤ ਹਨ।
ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ, ਜੋ ਕਿ ਸਾਡੇ ਸੱਭਿਆਚਾਰ ਸਾਡੀ ਵਿਰਾਸਤ, ਸਾਡੀ ਸੰਸਕ੍ਰਿਤੀ ਦੀਆਂ ਧਰੋਹਰਾਂ ਹਨ ਅਤੇ ਸਾਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੇ ਜਵਾਨਾਂ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਅਾਪਣੇ ਵੱਲੋਂ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ ਅਤੇ ਕਾਮਨਾ ਕਰਦੇ ਹਾਂ ਕਿ ਹਰੇਕ ਸਾਲ ਅਸੀਂ ਮਿਲਜੁਲ ਕੇ ਖੁਸ਼ੀਆਂ ਨੂੰ ਸਾਂਝਾ ਕਰਦੇ ਰਹਾਂਗੇ।
ਇਸ ਮੌਕੇ ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਦਲਜਿੰਦਰ ਸਿੰਘ ਢਿੱਲੋਂ ਐੱਸ. ਐੱਸ. ਪੀ. ਪਠਾਨਕੋਟ ਨੇ ਵੀ ਜ਼ਿਲਾ ਨਿਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਕੈਬਨਿਟ ਮੰਤਰੀ ਪੰਜਾਬ ਉੱਜ ਦਰਿਆਂ ’ਤੇ ਪੰਜਾਬ ਪੁਲਸ ਦੀ ਪੋਸਟ ’ਤੇ ਵੀ ਪਹੁੰਚੇ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਲੋਹੜੀ ਦੀਆਂ ਸੁਭਕਾਮਨਾਵਾਂ ਦਿੱਤੀਆਂ।
