ਪੰਜਾਬ ਦੇ ਇਕ ਸਰਕਾਰੀ ਹਸਪਤਾਲ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹਸਪਤਾਲ ਵਿਚ ਰਜਾਈ ਅਤੇ ਕੰਬਲ ਨੂੰ ਤਾਲਾ ਲਗਾਇਆ ਗਿਆ, ਕੰਬਲ ਅਤੇ ਰਜਾਈ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਹੈ।
ਇਹ ਮਾਮਲਾ ਬਠਿੰਡਾ ਦੇ ਇਕ ਸਰਕਾਰੀ ਹਸਪਤਾਲ ਨਾਲ ਸਬੰਧਤ ਹੈ। ਜਿੱਥੇ ਰਜਾਈਆਂ ਅਤੇ ਕੰਬਲਾਂ ਨੂੰ ਚੋਰੀ ਹੋਣ ਦੇ ਡਰੋਂ ਤਾਲਾ ਲਗਾ ਕੇ ਰੱਖਿਆ ਗਿਆ ਹੈ। ਹਸਪਤਾਲ ਦੇ ਮੁਲਾਜ਼ਮਾਂ ਨੇ ਕੰਬਲਾਂ ਅਤੇ ਰਜਾਈਆਂ ਨੂੰ ਲੋਹੇ ਦੀਆਂ ਜੰਜ਼ੀਰਾਂ ਵਿਚ ਬੰਨ੍ਹ ਦਿੱਤਾ ਤਾਂ ਕਿ ਕੋਈ ਉਹਨਾਂ ਨੂੰ ਕੋਈ ਚੋਰੀ ਨਾ ਕਰ ਸਕੇ। ਕੁੱਝ ਇਸੇ ਤਰ੍ਹਾਂ ਹੀ ਹੀਟਰਾਂ ਨੂੰ ਵੀ ਸੁਰੱਖਿਆ ਕਵਰਾਂ ਵਿੱਚ ਰੱਖਿਆ ਗਿਆ ਹੈ ਤਾਂ ਕਿ ਕੋਈ ਉਨ੍ਹਾਂ ਨੂੰ ਵੀ ਨੁਕਸਾਨ ਨਾ ਪਹੁੰਚਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਸਰਕਾਰੀ ਹਸਪਤਾਲ ਦੇ ਡਾ. ਲਵਦੀਪ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਬਹੁਤ ਠੰਢ ਹੈ। ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਲਈ ਰਜਾਈ ਅਤੇ ਕੰਬਲ ਮੁਹੱਈਆ ਕਰਵਾਏ ਗਏ ਹਨ। ਇਹ ਕੰਬਲ ਅਤੇ ਰਜਾਈਆਂ ਚੋਰੀ ਹੋ ਜਾਂਦੀਆਂ ਹਨ। ਇਸ ਲਈ, ਉਨ੍ਹਾਂ ਨੂੰ ਚੋਰਾਂ ਤੋਂ ਬਚਾਉਣ ਲਈ, ਕੰਬਲ ਅਤੇ ਰਜਾਈਆਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਤਾਲਾ ਲਗਾ ਦਿੱਤਾ ਜਾਂਦਾ ਹੈ। ਤਾਂ ਜੋ ਮਰੀਜ਼ਾਂ ਨੂੰ ਠੰਢ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨਾਲ ਹੀ ਹਸਪਤਾਲ ਦੇ ਸੁਰੱਖਿਆ ਗਾਰਡਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਰਜਾਈ ਜਾਂ ਕੰਬਲ ਲੈ ਕੇ ਜਾਂਦਾ ਪਾਇਆ ਜਾਂਦਾ ਹੈ, ਤਾਂ ਤੁਰੰਤ ਹਸਪਤਾਲ ਪ੍ਰਬੰਧਨ ਨੂੰ ਸੂਚਿਤ ਕਰੋ।
