ਸਰਕਾਰੀ ਬੱਸ ਦੀ ਭੰਨਤੋੜ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ


ਧੂਰੀ : ਅੱਜ ਥਾਣਾ ਸਿਟੀ ਧੂਰੀ ਦੀ ਪੁਲਸ ਨੇ ਐੱਸ. ਪੀ. ਮਨਦੀਪ ਸਿੰਘ (ਪੀ. ਪੀ. ਐੱਸ.) ਦੀ ਅਗਵਾਈ ’ਚ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਕਾਰੀ ਬੱਸ ਨਾਲ ਭੰਨਤੋੜ ਕਰਨ ਵਾਲੇ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਡਿਪੂ ਦੀ ਸਰਕਾਰੀ ਬੱਸ ਜੋ ਕਿ ਟੋਹਾਣਾ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਤਾਂ ਧੂਰੀ ਕੱਕੜਵਾਲ ਚੌਕ ’ਚ ਭੀੜ ਹੋਣ ਕਾਰਨ ਬੱਸ ਖੜ੍ਹੀ ਸੀ ਤਾਂ ਇਕ ਸਵਿਫਟ ਕਾਰ, ਜਿਸ ’ਚ 6 ਵਿਅਕਤੀ ਸਵਾਰ ਸਨ, ਦੀ ਬੱਸ ਡਰਾਈਵਰ ਰਾਜਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨਾਲ ਗੱਡੀ ਨੂੰ ਸਾਇਡ ਕਰਨ ’ਤੇ ਕਹਾਸੁਣੀ ਹੋਈ ਤਾਂ ਉਕਤ ਕਾਰ ਸਵਾਰ ਵਿਅਕਤੀ ਨੇ ਅੱਗੇ ਜਾ ਕੇ ਬੱਸ ਘੇਰ ਕੇ ਭੰਨ-ਤੋੜ ਕੀਤੀ ਅਤੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਕੁੱਟਮਾਰ ਵੀ ਕੀਤੀ।
ਪੁਲਸ ਨੂੰ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਸਵਾਰ 6 ਮੁਲਜ਼ਮਾਂ ਪ੍ਰਭਜੋਤ, ਅਬਦੁਲ ਰਹਿਮਾਨ, ਮਹਿਕਮਦੀਪ ਸਿੰਘ, ਅਜੈ ਸਿੰਘ, ਸਵਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ ਵਾਰਦਾਤ ’ਚ ਵਰਤਿਆ ਸਾਮਾਨ ਵੀ ਬਰਾਮਦ ਕੀਤਾ।
ਇੰਸਪੈਕਟਰ ਤੂਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਮਾੜੇ ਅਨਸਰਾ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਕਿਸੇ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ। ਇਸ ਘਟਨਾ ’ਤੇ ਬੱਸ ਡਰਾਈਵਰ ਰਾਜਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *