20 ਬੱਚੇ ਹੋਏ ਅਚਾਨਕ ਬਿਮਾਰ
ਲਖਨਊ ਦੇ ਪਾਰਾ ਇਲਾਕੇ ’ਚ ਇਕ ਸਰਕਾਰੀ ਪੁਨਰਵਾਸ ਕੇਂਦਰ ਵਿਚ ਕਥਿਤ ਤੌਰ ’ਤੇ ਜ਼ਹਿਰੀਲਾ ਭੋਜਨ ਖਾਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਬਿਮਾਰ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਕੇਂਦਰ ਦੇ ਲਗਭਗ 20 ਬੱਚੇ ਮੰਗਲਵਾਰ ਸ਼ਾਮ ਨੂੰ ਅਚਾਨਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਲੋਕ ਬੰਧੂ ਰਾਜ ਨਾਰਾਇਣ ਕੰਬਾਈਨਡ ਹਸਪਤਾਲ ਲਿਜਾਇਆ ਗਿਆ। ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਵਿਸ਼ਾਖ ਜੀ ਨੇ ਦਸਿਆ ਕਿ ਇਸ ਸ਼ੈਲਟਰ ਹੋਮ ’ਚ ਕੁੱਲ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਦੋ ਕੁੜੀਆਂ ਅਤੇ ਦੋ ਮੁੰਡੇ ਸ਼ਾਮਲ ਹਨ। ਉਨ੍ਹਾਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਵਿਸਰਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਕੁਮਾਰ ਦੀਕਸ਼ਿਤ ਨੇ ਵੀਰਵਾਰ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਮੁੜ ਵਸੇਬਾ ਕੇਂਦਰ ਤੋਂ ਲਗਭਗ 20 ਬੱਚਿਆਂ ਨੂੰ ਇਸ ਹਸਪਤਾਲ ਲਿਆਂਦਾ ਗਿਆ। ਇਹ ਸਾਰੇ ਬੱਚੇ ਮਾਨਸਿਕ ਤੌਰ ’ਤੇ ਕਮਜ਼ੋਰ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ 2 ਬੱਚਿਆਂ ਦੀ ਮੌਤ ਹੋ ਗਈ। ਡਾ. ਦੀਕਸ਼ਿਤ ਨੇ ਕਿਹਾ ਕਿ ਦੋ ਗੰਭੀਰ ਰੂਪ ’ਚ ਬਿਮਾਰ ਬੱਚਿਆਂ ਨੂੰ ਇਕ ਹੋਰ ਸਰਕਾਰੀ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ ਅਤੇ ਬਾਕੀ 16 ਬੱਚਿਆਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਬੱਚਿਆਂ ਤੋਂ ਇਲਾਵਾ ਬਾਕੀ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਲਈ ਇਕ ਮੈਡੀਕਲ ਟੀਮ ਵੀ ਸ਼ੈਲਟਰ ਹੋਮ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਆਸਰਾ ਘਰ ’ਚ ਕਰੀਬ ਸੱਤ ਬੱਚਿਆਂ ਨੂੰ ਇਕ ਡਾਕਟਰ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਆਸਰਾ ਘਰ ’ਚ ਬੱਚਿਆਂ ’ਤੇ ਨਜ਼ਰ ਰੱਖ ਰਹੀ ਹੈ।
ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਇਸ ਘਟਨਾ ਸਬੰਧੀ ਇਕ ਕਮੇਟੀ ਬਣਾਈ ਹੈ ਅਤੇ ਸਿਹਤ ਵਿਭਾਗ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਪ੍ਰਭਾਵਿਤ ਬੱਚਿਆਂ ਤੋਂ ਪੁੱਛਗਿੱਛ ਕਰਨ ਲਈ ਹਸਪਤਾਲ ਪਹੁੰਚ ਗਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੜ ਵਸੇਬਾ ਕੇਂਦਰ ਤੋਂ ਭੋਜਨ ਦੇ ਨਮੂਨੇ ਜਾਂਚ ਲਈ ਲਏ ਗਏ ਹਨ। ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਵਿਕਾਸ ਸਿੰਘ ਨੇ ਪੁਸ਼ਟੀ ਕੀਤੀ ਕਿ ਕੇਂਦਰ ਵਿਚ 147 ਬੱਚੇ ਹਨ, ਜਿਨ੍ਹਾਂ ਵਿਚ ਬੇਸਹਾਰਾ ਅਤੇ ਮਾਨਸਿਕ ਤੌਰ ’ਤੇ ਬਿਮਾਰ ਬੱਚੇ ਵੀ ਸ਼ਾਮਲ ਹਨ।
