ਸਰਕਾਰੀ ਜ਼ਮੀਨ ਵਿਚੋਂ ਮਿਲੀ ਐੱਨ. ਆਰ. ਆਈ. ਦੀ ਲਾਸ਼

20 ਜਨਵਰੀ ਨੂੰ ਆਇਆ ਸੀ ਵਿਦੇਸ਼ੋਂ

ਦਸੂਹਾ – ਜਿਲਾ ਹੁਸ਼ਿਆਪੁਰ ਦੇ ਕਸਬਾ ਦਸੂਹਾ ਵਿਚ ਐੱਨ. ਆਰ. ਆਈ. ਬਲਵਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲਾ ਕਪੂਰਥਲਾ, ਜੋ ਕਿ 20 ਜਨਵਰੀ ਨੂੰ ਵਿਦੇਸ਼ ਤੋਂ ਆਪਣੇ ਪਿੰਡ ਆਇਆ ਸੀ। 21 ਜਨਵਰੀ ਨੂੰ ਉਸਨੇ ਆਪਣੀ ਪਤਨੀ ਨੂੰ ਫੋਨ ’ਤੇ ਦੱਸਿਆ ਕਿ ਉਹ ਜ਼ਮੀਨ ਖਰੀਦਣ ਲਈ ਆਪਣੇ ਮੋਟਰਸਾਈਕਲ ’ਤੇ ਪਿੰਡ ਪਸੀ ਬੇਟ ਜਾ ਰਿਹਾ ਹੈ। ਜਦੋਂ ਕਿ ਉਸਦੀ ਲਾਸ਼ 1 ਫਰਵਰੀ ਨੂੰ ਪਿੰਡ ਬੁੱਧੋ ਬਰਕਤ ਦੀ ਸਰਕਾਰੀ ਜੰਗਲਾਤ ਜ਼ਮੀਨ ਵਿਚੋਂ ਮਿਲੀ ਹੈ।

ਇਸ ਸਬੰਧੀ ਜਦੋਂ ਦਸੂਹਾ ਥਾਣਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ਉਸਦਾ ਪਤੀ 21 ਜਨਵਰੀ ਨੂੰ ਰਮੇਸ਼ ਪੁੱਤਰ ਨਰਿੰਦਰ ਪਾਲ ਨਿੰਦੀ ਕੋਲ ਗਿਆ ਸੀ, ਜਿਸ ਤੋਂ ਉਸਨੇ ਜ਼ਮੀਨ ਖਰੀਦਣੀ ਸੀ।

ਇਸ ਤੋਂ ਪਹਿਲਾਂ ਉਸਦੇ ਪਤੀ ਨੇ ਰਮੇਸ਼ ਦੇ ਬੈਂਕ ਖਾਤੇ ਵਿਚ 2 ਲੱਖ 80 ਹਜ਼ਾਰ ਰੁਪਏ ਵੀ ਜਮ੍ਹਾ ਕਰਵਾਏ ਸਨ ਪਰ ਇਸ ਤੋਂ ਬਾਅਦ ਉਸਦੇ ਪਤੀ ਦਾ ਫੋਨ ਬੰਦ ਹੋ ਗਿਆ, ਜਿਸ ਕਾਰਨ ਉਹ ਚਿੰਤਤ ਹੋ ਗਈ ਅਤੇ ਸ਼ੱਕ ਕੀਤਾ ਕਿ ਕਿਤੇ ਉਸਦੇ ਪਤੀ ਦਾ ਕਤਲ ਨਾ ਕਰ ਦਿੱਤਾ ਹੋਵੇ।

 ਦਸੂਹਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਲੋਵਾਲ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਗਾਲੋਵਾਲ ਦੇ ਜੰਗਲ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਸੀ। ਜਿੱਥੇ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਆਪਣੇ ਪੁੱਤਰ ਅਤੇ ਰਿਸ਼ਤੇਦਾਰਾਂ ਸਮੇਤ ਸਿਵਲ ਹਸਪਤਾਲ ਦਸੂਹਾ ਪਹੁੰਚੀ ਅਤੇ ਲਾਸ਼ ਦੀ ਪਛਾਣ ਕੀਤੀ।

ਮ੍ਰਿਤਕ ਦੀ ਪਤਨੀ ਦੇ ਬਿਆਨ ਅਨੁਸਾਰ ਰਮੇਸ਼ ਕੁਮਾਰ ਅਤੇ ਉਸਦੇ ਪਿਤਾ ਨਰਿੰਦਰਪਾਲ ਸਿੰਘ ਨਿੰਦੀ ਨੇ ਜ਼ਮੀਨ ਖਰੀਦਣ ਲਈ ਦਿੱਤੇ ਪੈਸੇ ਹੜੱਪਣ ਲਈ ਉਸਦੇ ਪਤੀ ਦਾ ਕਤਲ ਕੀਤਾ ਹੈ। ਦਸੂਹਾ ਥਾਣਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *