ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜਿਆ ਵੀਆਦਾਨਾਂ ਸ਼ਹਿਰ

ਮਾਨਤੋਵਾ : ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਾਜੌਰੇ ਅਤੇ ਵੀਆਦਾਨਾਂ ਨਗਰ ਦੀ ਸਮੂਹ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਹੋਲੇ-ਮਹੱਲੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਵੀਆਦਾਨਾ ਵਿਖੇ ਸਜਾਇਆ ਗਿਆ। ਦੁਪਹਿਰ ਸਮੇਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਹਿਲਾ ਵਿਸ਼ਾਲ ਨਗਰ ਕੀਰਤਨ ਵੀਆਦਾਨਾਂ ਦੀ ਧਰਤੀ ਤੇ ਪਿਆਸਾ ਦੈਲਾ ਲਿਬਰਤਾ (ਬੱਸ ਸਟੈਂਡ) ਵਿਖੇ ਸਜਾਇਆ ਗਿਆ। ਬੇਸ਼ੱਕ ਸਾਰਾ ਦਿਨ ਹੀ ਹਲਕੀ ਬਾਰਿਸ਼ ਹੁੰਦੀ ਰਹੀ। ਪ੍ਰੰਤੂ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ।
ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ਹਲਕੀ ਬਾਰਿਸ਼ ਵਿਚ ਮਹਾਰਾਜ ਦੀ ਪਾਲਕੀ ਅਤੇ ਪਿੱਛੇ-ਪਿੱਛੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦਿਆਂ ਜਾ ਰਹੀਆਂ ਸਨ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨੇ ਵੀਆਦਾਨਾਂ ਸ਼ਹਿਰ ਗੂੰਜਣ ਲਗਾ ਦਿੱਤਾ ਸੀ। ਕੇਸਰੀ ਅਤੇ ਨੀਲੇ ਬਾਣਿਆਂ ’ਚ ਸਜੇ ਸਿੰਘਾਂ ਸਿੰਘਣੀਆਂ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਕੇਸਰੀ ਅਤੇ ਨੀਲੇ ਰੰਗ ਵਿਚ ਰੰਗਿਆ ਗਿਆ ਹੋਵੇ।
ਇਸ ਨਗਰ ਕੀਰਤਨ ’ਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁਖਵੀਰ ਸਿੰਘ ਭੌਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਆਈਆ ਸਮੂਹ ਸੰਗਤਾਂ ਨੂੰ ਜੀਓ ਆਇਆ ਨੂੰ ਆਖਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ,ਲੰਗਰ ਦੀਆਂ ਸੇਵਾਵਾਂ ਕਰਨ ਵਾਲੇ ਵੀਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ’ਚੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਸੰਸਥਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਪੁਰਾਤਨ ਗੁਰਮਰਿਆਦਾ ਨੂੰ ਬਹਾਲ ਕਰਨ ਹਿੱਤ ਲੰਗਰ ਸਿਰਫ ਪੰਗਤਾਂ ਵਿਚ ਹੀ ਵਰਤਾਇਆ ਗਿਆ ਅਤੇ ਸਮੂਹ ਸਾਧ ਸੰਗਤ ਵੱਲੋਂ ਇਸ ’ਚ ਪੂਰਨ ਸਹਿਯੋਗ ਦਿੱਤਾ ਗਿਆ।

