ਕਿਸਾਨਾਂ ਦੀ ਸੁਵਿਧਾ ਲਈ 7.04 ਕਿਲੋਮੀਟਰ ਰਜਬਾਹੇ ਨੂੰ ਕੰਕਰੀਟ ਨਾਲ ਕੀਤਾ ਪੱਕਾ, 2.30 ਕਰੋੜ ਰੁਪਏ ਆਈ ਲਾਗਤ
ਸੰਗਰੂਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਸੁਪਨੇ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਛੇਤੀ ਹੀ ਸਾਕਾਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਭਿੰਡਰਾਂ ਵਿਖੇ ਕੰਕਰੀਟ ਨਾਲ ਮੁੜ ਉਸਾਰੇ ਗਏ ਸੰਗਰੂਰ ਰਜਬਾਹੇ ਦੇ ਮਾਈਨਰ ਨੰਬਰ 5 ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਰਜਬਾਹੇ ਦੀ ਹਾਲਤ ਕਾਫੀ ਖਸਤਾ ਸੀ ਜਿਸ ਕਾਰਨ ਇਸਨੂੰ ਕੰਕਰੀਟ ਨਾਲ ਨਵੇਂ ਸਿਰਿਓ ਪੱਕਾ ਕੀਤਾ ਗਿਆ ਹੈ ਤਾਂ ਕਿ ਨਾਈਵਾਲਾ, ਕੰਮੋਮਾਜਰਾ ਮੰਗਵਾਲ, ਸੋਹੀਆਂ ਅਤੇ ਭਿੰਡਰਾਂ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਸਿੰਚਾਈ ਲਈ ਪਾਣੀ ਨਿਰਵਿਘਨ ਮਿਲ ਸਕੇ। ਇਸ ਕੰਮ ਦਾ ਅਨੁਮਾਨ 2.62 ਕਰੋੜ ਦਾ ਸੀ ਪਰੰਤੂ ਇਸ ਨੂੰ 2.30 ਕਰੋੜ ਵਿੱਚ ਹੀ ਪੂਰਾ ਕਰਕੇ ਸਰਕਾਰ ਨੂੰ 32 ਲੱਖ ਰੁਪਏ ਦਾ ਫਾਇਦਾ ਕੀਤਾ ਗਿਆ ਹੈ ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਹਰੇਕ ਰਜਬਾਹੇ, ਸੂਏ, ਕੱਸੀਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜੋਸ਼ੋ ਖਰੋਸ਼ ਨਾਲ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਅਗਲੇ ਛੇ ਮਹੀਨਿਆਂ ਅੰਦਰ ਹਲਕੇ ਅਧੀਨ ਆਉਂਦੇ ਸਾਰੇ ਖਾਲਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਜਿਸ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 2.30 ਕਰੋੜ ਰੁਪਏ ਦੀ ਲਾਗਤ ਨਾਲ 7.04 ਕਿਲੋਮੀਟਰ ਲੰਬੇ ਰਜਬਾਹੇ ਨੂੰ ਕੰਕਰੀਟ ਲਾਈਨਿੰਗ ਕੀਤਾ ਗਿਆ ਹੈ, ਜਿਸ ਅਧੀਨ 10 ਮੋਘੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਕੰਕਰੀਟ ਲਾਈਨਿੰਗ ਦੇ ਨਾਲ ਹੀ ਪਿੰਡ ਮੰਗਵਾਲ ਵਾਲੇ ਪੁਲ ਨੂੰ ਚੌੜਾ ਅਤੇ ਉੱਚਾ ਕਰ ਕੇ ਇਸ ਦੀ ਮੁੜ ਉਸਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਮੀਦਾਰਾਂ ਦੀ ਸਹੂਲਤ ਲਈ ਜਿਥੇ ਪਹਿਲਾਂ ਪਾਈਪਾਂ ਪਾ ਕੇ ਕੱਚਾ ਰਾਹ ਬਣਿਆ ਹੋਇਆ ਸੀ, ਉੱਥੇ ਨਵੀਆਂ ਪੁਲੀਆਂ ਬਣਾਈਆਂ ਗਈਆਂ ਹਨ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਤਿੰਦਰਪਾਲ ਸਿੰਘ ਸਿੱਧੂ, ਐੱਸ. ਡੀ. ਓ. ਕਰਨ ਬਾਂਸਲ, ਜੂਨੀਅਰ ਇੰਜੀਨੀਅਰ ਅਦਿਤਿਆ ਕਟਿਆਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।
