ਤਲਵੰਡੀ ਸਾਬੋ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਕੈਬਨਿਟ ਮੰਤਰੀ ਰੈਂਕ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਨਥੇਹਾ ਵਿਖੇ 12 ਵਿਕਾਸ ਕਾਰਜਾਂ ਦਾ ਨੀਂਹ-ਪੱਥਰ ਰੱਖਿਆ।
ਇਸ ਮੌਕੇ ਵਿਧਾਇਕਾ ਨੇ ਲੋਕਾਂ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ, ਉਥੇ ਹੀ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਿੰਡ ਨਥੇਹਾ ਵਿਖੇ ਲੱਗਭਗ 6 ਕਰੋੜ 99 ਲੱਖ ਰੁਪਏ ਦੀ ਲਾਗਤ ਨਾਲ ਲੱਗਭਗ 45 ਗਲੀਆਂ-ਨਾਲੀਆਂ, ਛੱਪੜਾਂ ਦਾ ਨਵੀਨੀਕਰਨ, 4 ਪਾਰਕ, 2 ਆਂਗਣਵਾੜੀ ਇਮਾਰਤਾਂ, ਮਗਨਰੇਗਾ ਭਵਨ ਤੇ ਵਾਲਮੀਕਿ ਧਰਮਸ਼ਾਲਾ ਦੀ ਉਸਾਰੀ, ਡਿਸਪੈਂਸਰੀ ਦੀ ਇਮਾਰਤ, ਹਰਿਆਣਾ ਦੇ ਪਿੰਡ ਸੂਰਤੀਆ ਨੂੰ ਜੋੜਨ ਵਾਲੀ ਤੇ ਮੇਨ ਰੋਡ ਤੋਂ ਸਕੂਲ ਨੂੰ ਜਾਣ-ਵਾਲੇ ਕੱਚੇ ਰਸਤੇ ’ਤੇ ਕੰਕਰੀਟ ਸੜਕ ਬਣਾ ਕੇ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ ਖੇਡ ਗਰਾਊਂਡ, 4 ਪਬਲਿਕ ਟੁਆਇਲਟਾਂ ਤੇ ਕਬਰਾਂ ਦੀ ਚਾਰ-ਦੀਵਾਰੀ ਕਰਵਾ ਕੇ ਜਲਦ ਹੀ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਸਰਪੰਚ ਰਾਜ ਰਾਣੀ ਨੇ ਹਲਕਾ ਵਿਧਾਇਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੀਨੀਕਰਨ ਨਾਲ ਪਿੰਡ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਤੇ ਸਾਫ-ਸਫਾਈ ਰਹਿਣ ਨਾਲ ਪਿੰਡ ਵਾਸੀ ਸਿਹਤਯਾਬ ਰਹਿਣਗੇ। ਇਸ ਮੌਕੇ ਸਰਪੰਚ ਦੇ ਪਤੀ ਸੁਖਪਾਲ ਸਿੰਘ ਨੇ ਪੰਜਾਬ ਸਰਕਾਰ ਤੇ ਪ੍ਰੋ. ਬਲਜਿੰਦਰ ਕੌਰ ਦਾ ਧੰਨਵਾਦ ਕੀਤਾ।