ਵਿਦੇਸ਼ ਜਾਣ ਦੀ ਲਾਲਸਾ ਵਿਚ ਲੜਕੀ ਨੇ ਆਪਣੇ ਹੀ ਘਰ ਕੀਤੀ ਚੋਰੀ  

11 ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਸਾਥੀਆਂ ਸਮੇਤ ਫਰਾਰ

ਮਾਲੇਰਕੋਟਲਾ : ਵਿਦੇਸ਼ ਜਾਣ ਦੀ ਲਾਲਸਾ ’ਚ ਕਥਿਤ ਅੰਨ੍ਹੀ ਹੋਈ ਇਕ ਲੜਕੀ ਨੇ ਸਹੇਲੀ ਅਤੇ 2 ਹੋਰ ਲੜਕਿਆਂ ਨਾਲ ਮਿਲ ਕੇ ਆਪਣੇ ਹੀ ਘਰੋਂ ਲੱਖਾਂ  ਦੀ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਕੇ  ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਾਲੇਰਕੋਟਲਾ ਥਾਣਾ ਸਿਟੀ-2    ਵਿਖੇ   ਲੜਕੀ ਦੀ ਮਾਤਾ ਸਈਮਾਂ ਪਤਨੀ ਮੁਹੰਮਦ ਵਸੀਮ ਵਾਸੀ  ਮਾਲੇਰਕੋਟਲਾ ਨੇ   ਆਪਣੀ ਲੜਕੀ ਤਹਿਰੀਮ ਪਠਾਨ, ਉਸ ਦੀ ਸਹੇਲੀ ਅਲਿਜ਼ਬਾ ਪੁੱਤਰੀ ਤਾਹਿਰ ਵਾਸੀ  ਮਾਲੇਰਕੋਟਲਾ ਸਮੇਤ 2 ਲੜਕਿਆਂ ਤਾਬਿਸ ਪੁੱਤਰ ਮੁਹੰਮਦ ਖਾਲਿਦ ਵਾਸੀ  ਮਾਲੇਰਕੋਟਲਾ ਅਤੇ ਮੁਹੰਮਦ ਸਾਰਿਕ ਖਿਲਾਫ ਨਕਦੀ ਅਤੇ ਗਹਿਣੇ ਚੋਰੀ ਕਰਨ ਦੀ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਚਾਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਸਈਮਾਂ ਵਸੀਮ ਨੇ ਪੁਲਸ ਨੂੰ ਦੱਸਿਆ ਕਿ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ. ਐੱਸ. ਸੀ. ਦੀ ਪੜ੍ਹਾਈ ਕਰਦੀ ਉਨ੍ਹਾਂ ਦੀ 20 ਸਾਲਾ ਲੜਕੀ ਤਹਿਰੀਮ ਪਠਾਨ ਪੜ੍ਹਾਈ ਕਰ ਕੇ ਕੈਨੇਡਾ ਜਾਣਾ ਚਾਹੁੰਦੀ ਸੀ। ਇਸ ਦੌਰਾਨ ਲੜਕੀ ਦੀ ਕੈਨੇਡਾ ਰਹਿੰਦੀ ਸਥਾਨਕ ਵਸਨੀਕ ਆਲਿਜ਼ਬਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ। ਕੁਝ ਦੇਰ ਬਾਅਦ ਆਲਿਜ਼ਬਾ ਜਦੋਂ ਕੈਨੇਡਾ ਤੋਂ ਵਾਪਸ ਮਾਲੇਰਕੋਟਲਾ ਆਈ ਤਾਂ ਉਸ ਨੇ ਤਹਿਰੀਮ ਨੂੰ ਵਿਦੇਸ਼ਾਂ ਦੀ ਚਕਾਚੌਂਦ ਦੇ ਸੁਪਨੇ ਦਿਖਾਉਂਦਿਆਂ ਕਿਹਾ ਕਿ ਮੈਂ ਤੈਨੂੰ 20 ਲੱਖ ਰੁਪਏ ’ਚ ਕੈਨੇਡਾ ਦੀ ਪੀ. ਆਰ. ਦਿਵਾ ਦੇਵਾਂਗੀ। ਜਦੋਂ ਇਸ ਬਾਰੇ  ਲੜਕੀ ਨੇ ਸਾਨੂੰ ਦੱਸਿਆ ਤਾਂ ਅਸੀਂ ਉਸ ਨੂੰ ਕੈਨੇਡਾ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ  ਆਲਿਜ਼ਬਾ ਨੇ ਮੇਰੀ ਲੜਕੀ ਨੂੰ ਕਿਹਾ ਕਿ ਤੂੰ ਕਿਸੇ ਤਰ੍ਹਾਂ 20 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਮੇਰੀ ਭੂਆ ਦੇ ਲੜਕੇ ਤਾਬਿਸ਼ ਪੁੱਤਰ ਮੁਹੰਮਦ ਖਾਲਿਦ ਵਾਸੀ  ਮਾਲੇਰਕੋਟਲਾ ਨਾਲ ਨਿਕਾਹ ਕਰਵਾ ਲੈ, ਫਿਰ ਅਸੀਂ ਤੇਰਾ ਸਪਾਊਸ ਵੀਜ਼ਾ ਲਗਵਾ ਕੇ ਤੈਨੂੰ ਕੈਨੇਡਾ ਭੇਜ ਦੇਵਾਂਗੇ। ਇਸ ਦੌਰਾਨ ਹੀ ਆਲਿਜ਼ਬਾ ਨੇ ਲੜਕੀ ਤਹਿਰੀਮ ਪਠਾਨ ਦੀ ਆਪਣੀ ਭੂਆ ਦੇ ਲੜਕੇ ਤਾਬਿਸ਼ ਨਾਲ ਫੋਨ ’ਤੇ ਗੱਲ ਕਰਵਾ ਦਿੱਤੀ। ਆਲਿਜ਼ਬਾ ਅਤੇ ਤਾਬਿਸ਼ ਵੱਲੋਂ ਦਿਖਾਏ ਗਏ ਗੱਲਾਂ ਦੇ ਸਬਜ਼ਬਾਗ ’ਚ ਆ ਕੇ ਤਹਿਰੀਮ ਇਨ੍ਹਾਂ ਦੇ ਕਥਿਤ ਝਾਂਸੇ ’ਚ ਫਸ ਗਈ।

ਉਕਤ ਔਰਤ ਨੇ  ਦੱਸਿਆ ਕਿ ਬੀਤੀ 10 ਫਰਵਰੀ ਨੂੰ ਮੇਰੇ ਪਤੀ ਵਸੀਮ ਦੇ ਦੁਕਾਨ ’ਤੇ ਜਾਣ ਤੋਂ ਬਾਅਦ ਮੈਂ ਆਪਣੀ ਛੋਟੀ ਬੇਟੀ ਨੂੰ ਨਾਲ ਲੈ ਕੇ ਰਿਸ਼ਤੇਦਾਰੀ ’ਚ ਚਲੀ ਗਈ। ਸ਼ਾਮ 6 ਵਜੇ ਦੇ ਕਰੀਬ ਜਦੋਂ ਮੈਂ ਘਰ ਵਾਪਸ ਆਈ ਤਾਂ  ਵੱਡੀ ਲੜਕੀ ਤਹਿਰੀਮ ਪਠਾਨ ਘਰ ’ਚ ਮੌਜੂਦ ਨਹੀਂ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਪਹਿਲਾਂ ਮੈਂ  ਲੜਕੀ ਦੀ ਭਾਲ ਕੀਤੀ, ਜਦੋਂ ਉਹ ਨਾ ਮਿਲੀ ਤਾਂ ਮੈਂ ਫੋਨ ਕਰ ਕੇ ਆਪਣੇ ਪਤੀ ਨੂੰ ਘਰ ਬੁਲਾਉਣ ਉਪਰੰਤ ਜਦੋਂ ਆਪਣੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਕੈਮਰਿਆਂ ’ਚ ਦੇਖਿਆ ਕਿ ਪਹਿਲਾਂ ਸਾਰਿਕ  ਅਤੇ ਤਾਬਿਸ਼ ਪੁੱਤਰ ਤਾਹਿਰ ਖਾਲੀ ਹੱਥ ਸਾਡੇ ਘਰ ਅੰਦਰ ਦਾਖਲ ਹੋਏ ਅਤੇ ਜਦੋਂ ਵਾਪਸ ਜਾਣ ਲੱਗੇ ਤਾਂ ਉਹ ਸਾਡੇ ਘਰੋਂ 2 ਬੈਗ ਭਰ ਕੇ ਲੈ ਜਾਂਦੇ ਦਿਖਾਈ ਦਿੱਤੇ।

ਫਿਰ ਕੁਝ ਸਮੇਂ ਬਾਅਦ ਲੜਕਾ ਸਾਰਿਕ ਦੁਬਾਰਾ ਸਾਡੇ ਘਰ ਆਇਆ ਅਤੇ ਮੇਰੀ ਲੜਕੀ ਤਹਿਰੀਮ  ਨੂੰ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਕੈਮਰਿਆਂ ’ਚ ਇਹ ਸਭ ਕੁਝ ਦੇਖਣ ਤੋਂ ਬਾਅਦ ਜਦੋਂ ਅਸੀਂ ਆਪਣੇ ਘਰ ਦਾ ਕੀਮਤੀ ਸਾਮਾਨ ਚੈੱਕ ਕੀਤਾ ਤਾਂ ਸਾਡੇ ਘਰ ਦੀ ਅਲਮਾਰੀ ’ਚੋਂ 11 ਲੱਖ ਰੁਪਏ ਦੀ ਨਕਦੀ ਸਮੇਤ 16 ਤੋਲੇ ਸੋਨੇ ਦੇ ਗਹਿਣੇ ਅਤੇ 25 ਤੋਲੇ ਚਾਂਦੀ ਗਾਇਬ ਪਾਏ ਗਏ।

ਪੀੜਤਾ ਨੇ ਕਿਹਾ ਕਿ ਆਪਣੀ ਬੇਇੱਜ਼ਤੀ ਤੋਂ ਡਰਦੇ ਅਸੀਂ ਪਹਿਲਾਂ ਆਪਣੀ ਲੜਕੀ ਦੀ ਭਾਲ ਕਰਦੇ ਰਹੇ ਪਰ ਹੁਣ ਸਾਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸਾਡੀ ਬੇਟੀ ਤਹਿਰੀਮ ਪਠਾਨ ਸਮੇਤ ਉਸ ਦੀ ਸਹੇਲੀ ਆਲਿਜ਼ਬਾ ਅਤੇ ਸਾਥੀ ਲੜਕੇ ਤਾਬਿਸ਼ ਅਤੇ ਸ਼ਾਰਿਕ ਉਕਤ ਚਾਰੇ ਹੀ ਸਾਡੇ ਘਰੋਂ ਉਪਰੋਕਤ ਨਕਦੀ ਅਤੇ ਸੋਨਾ-ਚਾਂਦੀ ਚੋਰੀ ਕਰ ਕੇ ਲੈ ਗਏ ਹਨ। ਥਾਣਾ ਸਿਟੀ-2 ਦੀ ਪੁਲਸ ਨੇ ਸਾਈਮਾਂ ਵਸੀਮ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਨ ਉਪਰੰਤ ਆਪਣੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *