ਸਕੂਲ ਦੀ ਫੇਅਰਵੈੱਲ ਪਾਰਟੀ ਤੋਂ ਪਰਤ ਰਹੇ ਸੀ
ਖੰਨਾ :- ਖੰਨਾ ਦੇ ਬੀਜਾ ਚੌਕ ਨੇੜੇ ਨੈਸ਼ਨਲ ਹਾਈਵੇ ’ਤੇ ਇਕ ਸਕੂਲੀ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਹ ਸਾਰੇ ਸਕੂਲ ਦੀ ਫੇਅਰਵੈੱਲ ਪਾਰਟੀ ਤੋਂ ਪਰਤ ਰਹੇ ਸੀ ਪਰ ਰਾਹ ਵਿਚ ਹੀ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਾਰ ਸਵਾਰ 5 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੰਭੀਰ ਜ਼ਖ਼ਮੀ ਵਿਦਿਆਰਥੀਆਂ ਦੀ ਪਛਾਣ ਨਵਨੂਰ ਸਿੰਘ ਜਰਗੜੀ ਅਤੇ ਹਰਜੋਤ ਸਿੰਘ ਘੁਡਾਣੀ ਖ਼ੁਰਦ ਵਜੋਂ ਹੋਈ ਹੈ। ਦੋਹਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਵਿਚ ਦਾਖ਼ਲ ਕਰਵਾਇਆ ਗਿਆ। ਬਾਕੀ ਤਿੰਨ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਨੇ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ।
ਸੜਕ ਸੁਰੱਖਿਆ ਫ਼ੋਰਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਮੁਤਾਬਕ ਉਨ੍ਹਾਂ ਦੀ ਟੀਮ ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਸਾਰ ਹੀ ਮੌਕੇ ’ਤੇ ਪਹੁੰਚੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਰੇ ਵਿਦਿਆਰਥੀ ਬੀਜਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੇ ਹਨ ਤੇ ਫੇਅਰਵੈੱਲ ਪਾਰਟੀ ਮਗਰੋਂ ਘਰ ਪਰਤ ਰਹੇ ਸਨ। ਰਾਹ ਵਿਚ ਸੰਤੁਲਨ ਵਿਗੜਨ ਕਾਰਨ ਕਾਰ ਪਹਿਲਾਂ ਫੁੱਟਪਾਥ ’ਤੇ ਚੜ੍ਹੀ ਤੇ ਫ਼ਿਰ ਖੇਤਾਂ ਵਿਚ ਜਾ ਪਲਟੀ।
ਰਾਹਗੀਰਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਗਿਆ। ਸੜਕ ਸੁਰੱਖਿਆ ਫ਼ੋਰਸ ਵੱਲੋਂ ਤੁਰੰਤ ਸਕੂਲ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਘਟਨਾ ਦੀ ਸੂਚਨਾ ਦਿੱਤੀ।
