
ਗੋਰਾਇਆ -: ਜਲੰਧਰ ਦੇ ਗੁਰਾਇਆ ਵਿਚ ਇਕ ਵਿਆਹ ਸਮਾਗਮ ਵਿਚ ਗੋਲੀਬਾਰੀ ਦੀ ਘਟਨਾ ਦੇਖਣ ਨੂੰ ਮਿਲੀ। ਇਥੇ ਜਸ਼ਨ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ। ਜਾਣਕਾਰੀ ਮੁਤਬਾਕ ਮ੍ਰਿਤਕ ਦੀ ਪਛਾਣ ਸਰਪੰਚ ਦੇ ਪਤੀ ਪਰਮਜੀਤ ਸਿੰਘ ਵਜੋਂ ਹੋਈ ਹੈ।
ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜੋ ਫਿਲੌਰ ਹਲਕੇ ਦੇ ਥਾਣਾ ਗੋਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਸਾਫ਼ ਤੌਰ ‘ਤੇ ਵੇਖਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕਰ ਰਿਹਾ ਹੈ। ਇਕ ਤੋਂ ਬਾਅਦ ਇਕ ਤਿੰਨ ਫਾਇਰ ਵੀਡੀਓ ਵਿੱਚ ਕੱਢਦੇ ਨੌਜਵਾਨ ਵੱਲੋਂ ਵੇਖੇ ਜਾ ਸਕਦੇ ਹਨ।
ਫਾਇਰਿੰਗ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (45) ਵਜੋਂ ਹੋਈ ਹੈ, ਜੋ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਦੱਸੇ ਜਾ ਰਹੇ ਹਨ। ਇਹ ਵੀਡੀਓ ਇਕ ਵਿਆਹ ਦੀ ਜਾਗੋ ਦੌਰਾਨ ਦੀ ਦੱਸੀ ਜਾ ਰਹੀ ਹੈ।
ਹਾਲਾਂਕਿ ਪੁਲਸ ਅਤੇ ਪਰਮਜੀਤ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਹੁਣ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ।
