ਵਿਆਹ ਸਮਾਗਮ ਤੋਂ ਵਾਪਸ ਆ ਰਹੀ ਕਾਰ ਧੁੰਦ ਕਾਰਨ ਭਾਖੜਾ ਨਹਿਰ ’ਚ ਡਿੱਗੀ

12 ਵਿਚੋਂ 5 ਲਾਸ਼ਾਂ ਬਰਾਮਦ, ਬੱਚੇ ਸਮੇਤ 2 ਨੂੰ ਕੱਢਿਆ ਬਾਹਰ

ਹਰਿਆਣਾ ਦੇ ਪਿੰਡ ਸਰਦਾਰੇਵਾਲਾ ਨਜ਼ਦੀਕ ਇਕ ਵਿਆਹ ਸਮਾਗਮ ਤੋਂ ਆ ਰਹੀ ਕਰੂਜ਼ਰ ਕਾਰ ਦੇ ਧੁੰਦ ਕਾਰਨ ਅਚਾਨਕ ਭਾਖੜਾ ਵਿਚ ਡਿੱਗਣ ਨਾਲ ਕੁਝ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਵਿਚ ਕਰੀਬ 14 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ ਕੁਝ ਦੀਆਂ ਲਾਸ਼ਾਂ ਕੁਝ ਦੂਰੀ ਤੋਂ ਬਾਅਦ ਬਰਾਮਦ ਕਰ ਲਈਆਂ ਹਨ।

ਜਾਣਕਾਰੀ ਅਨੁਸਾਰ ਬੁਢਲਾਡਾ ਹਲਕੇ ਦੇ ਪਿੰਡ ਰਿਉਂਦ ਕਲਾਂ, ਪਿੰਡ ਸਸਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਮੜਾ ਦੇ ਕੁਝ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀ ਵਿਆਹ ਸਮਾਗਮ ਜਲਾਲਾਬਾਦ ਤੋਂ ਦੇਰ ਰਾਤ ਵਾਪਸ ਆ ਰਹੇ ਸਨ ਕਿ ਜ਼ਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਰੂਜ਼ਰ ਕਾਰ ਸਰਦਾਰੇਵਾਲਾ ਪਿੰਡ ਦੇ ਨਜ਼ਦੀਕ ਪੰਜਾਬ ਦੀ ਹੱਦ ਨਾਲ ਲੱਗਦੀ ਭਾਖੜਾ ਨਹਿਰ ਵਿਚ ਜਾ ਡਿੱਗੀ, ਜਿਸ ’ਚੋਂ ਪਿੰਡ ਰਿਉਂਦ ਕਲਾਂ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ’ਚੋਂ ਬਾਹਰ ਨਿਕਲ ਆਇਆ ਅਤੇ 10 ਸਾਲ ਦੇ ਅਰਮਾਨ ਰਿਉਂਦ ਨੂੰ ਲੋਕਾਂ ਨੇ ਕੁਝ ਸਮੇਂ ਬਾਅਦ ਬਚਾ ਲਿਆ।

ਬਚਾਅ ਟੀਮ ਨੇ ਰਾਤ 12 ਵਜੇ ਗੱਡੀ ਨੂੰ ਨਹਿਰ ’ਚੋਂ ਬਾਹਰ ਕੱਢਿਆ। ਪਿੰਡ ਮਹਿਮੜਾ ਦੇ ਕਰੂਜਰ ਗੱਡੀ ਦੇ ਡਰਾਈਵਰ ਛਿੰਦਾ ਦੀ ਲਾਸ਼ ਵੀ ਮਿਲ ਗਈ ਹੈ ਪਰ ਬਾਕੀ 11 ਵਿਅਕਤੀਆਂ ਦਾ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ’ਚੋਂ ਜਸਵਿੰਦਰ ਸਿੰਘ (35) ਰਿਉਂਦ ਕਲਾਂ, ਉਸਦੀ ਪਤਨੀ ਸੰਜਨਾ (34), ਪੁੱਤਰੀ (8) ਅਤੇ ਕਸ਼ਮੀਰ ਕੌਰ (60) ਪਤਨੀ ਪ੍ਰੀਤਮ ਸਿੰਘ ਸਸਪਾਲੀ ਦੀ ਲਾਸ਼ ਬਰਾਮਦ ਹੋ ਗਈ ਹੈ।

ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਹਰਿਆਣਾ ਰਤੀਆ ਦੇ ਐੱਸ. ਡੀ. ਐੱਮ. ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤਕ ਬਚਾਅ ਕਾਰਜ ’ਚ ਲੱਗੇ ਹੋਏ ਸਨ। ਜ਼ਖਮੀ ਅਰਮਾਨ (ਕਰੀਬ 11 ਸਾਲ) ਨੂੰ ਰਤੀਆ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਲਾਪਤਾ ਲੋਕਾਂ ਦੀ ਦੁਬਾਰਾ ਭਾਲ ਕੀਤੀ ਜਾਵੇਗੀ। ਨਹਿਰ ਵਿਚ 20-22 ਫੁੱਟ ਪਾਣੀ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੰਜਾਬ ਦੇ ਪਿੰਡ ਲਾਧੂਕੇ (ਜਲਾਲਾਬਾਦ) ਵਿਚ ਪ੍ਰੋਗਰਾਮ ਵਿਚ ਗਏ ਹੋਏ ਸਨ।

ਧੁੰਦ ਕਾਰਨ ਨਜ਼ਰ ਨਹੀਂ ਆਈ ਨਹਿਰ

ਜਰਨੈਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਧੁੰਦ ’ਚ ਡਰਾਈਵਰ ਨਹਿਰ ਨਹੀਂ ਦੇਖ ਸਕਿਆ। ਉੱਥੇ ਵੀ ਕੋਈ ਟਰੈਕ ਨਹੀਂ ਸੀ। ਕਾਰ ਨਹਿਰ ਵਿਚ ਡਿੱਗ ਗਈ। ਜਦੋਂ ਕਾਰ ਦੀ ਪਿਛਲੀ ਖਿੜਕੀ ਖੁੱਲ੍ਹੀ ਤਾਂ ਉਹ ਅਤੇ ਅਰਮਾਨ ਖੁਦ ਕਰੂਜ਼ਰ ਤੋਂ ਬਾਹਰ ਨਿਕਲੇ। ਅਰਮਾਨ ਨੇ ਮੋਟਾ ਕੋਟ ਪਾਇਆ ਹੋਇਆ ਸੀ, ਜਿਸ ਕਾਰਨ ਉਹ ਡੁੱਬਿਆ ਨਹੀਂ। ਅਰਮਾਨ ਨੂੰ ਬਾਅਦ ਵਿਚ ਲੋਕਾਂ ਨੇ ਬਚਾ ਲਿਆ।

Leave a Reply

Your email address will not be published. Required fields are marked *