ਭੋਗਪੁਰ, 16 ਦਸੰਬਰ – ਭੋਗਪੁਰ ਅਧੀਨ ਪੈਂਦੇ ਪਿੰਡ ਲੜੋਈ ਦੇ ਇਕ ਘਰ ਵਿਚ ਵਾਟਰ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਭਜੋਤ ਕੌਰ (12), ਜੋ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ, ਜਦਕਿ ਸ਼ਰਨਜੋਤ ਕੌਰ (10) ਪੰਜਵੀਂ ਜਮਾਤ ਵਿਚ ਪੜ੍ਹਦੀ ਸੀ।
ਜਾਣਕਾਰੀ ਮੁਤਾਬਕ ਘਰ ‘ਚ ਬਾਥਰੂਮ ਵਿਚ ਦੋਵੇਂ ਭੈਣਾਂ ਨਹਾਉਣ ਗਈਆਂ ਸੀ, ਜਿੱਥੇ ਗੀਜ਼ਰ ਦੀ ਗੈਸ ਚੜ੍ਹਨ ਨਾਲ ਦੋਹਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਕੁਝ ਘੰਟੇ ਬਾਅਦ ਜਦੋਂ ਉਸ ਦੇ ਛੋਟੇ ਭਰਾ ਨੇ ਆਵਾਜ਼ਾਂ ਮਾਰੀਆਂ ਤਾਂ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਸੀ। ਛੋਟੇ ਬੱਚੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਫਿਰ ਉਸ ਨੇ ਗੁਆਂਢ ਦੇ ਲੋਕਾਂ ਨੂੰ ਦੱਸਿਆ ਅਤੇ ਪਰਿਵਾਰ ਨੇ ਦਰਵਾਜ਼ਾ ਤੋੜ ਕੇ ਜਦੋਂ ਵੇਖਿਆ ਤਾਂ ਦੋਵੇਂ ਬੱਚੀਆਂ ਬੇਹੋਸ਼ ਡਿੱਗੀਆਂ ਹੋਈਆਂ ਸਨ ਅਤੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦੋਵੇਂ ਬੱਚੀਆਂ ਦੀ ਮੌਤ ਹੋ ਗਈ ਸੀ।
ਪਰਿਵਾਰ ਦੇ ਮੁੱਖੀ ਨੇ ਦੱਸਿਆ ਬੱਚਿਆਂ ਦੀ ਮਾਤਾ ਵਿਦੇਸ਼ ਦੁਬਈ ਵਿੱਚ ਰਹਿੰਦੀ ਸੀ ਅਤੇ ਬੱਚੀਆਂ ਦੋਵੇਂ ਉਨ੍ਹਾਂ ਕੋਲ ਹੀ ਰਹਿੰਦੀਆਂ ਸਨ ਅਤੇ ਅੱਜ ਜਦੋਂ ਉਹ ਨਹਾਉਣ ਗਈਆਂ ਤਾਂ ਇਹ ਸਾਰੀ ਮੰਦਭਾਗੀ ਘਟਨਾ ਵਾਪਰ ਗਈ।
