ਹਰਸ਼ਦੀਪ ਕੌਰ ਗੜ੍ਹਸ਼ੰਕਰ ਸਿਰ ’ਤੇ ਸੱਜੀ ਸੱਗੀ
ਗੁਰਦਾਸਪੁਰ, : ਅੱਜ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਚ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਕਰਵਾਇਆ। ਇਸ ਦੌਰਾਨ ਘੁੰਡ ਚੁਕਾਈ ਦੀ ਰਸਮ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਿਜ਼ਲਾ ਪ੍ਰਧਾਨ ਕਾਂਗਰਸ ਨੇ ਕੀਤੀ, ਦੀਵੇ ਦੀ ਲੋਅ ਕਰਨ ਦੀ ਰਸਮ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪਿੜ ਪਰਿਵਾਰ ਨੇ ਸਾਂਝੇ ਤੌਰ ’ਤੇ ਕੀਤੀ।
ਇਸ ਮੌਕੇ ਮਾਹਿਰਾਂ ਔਰਤਾਂ ਜੱਜਾਂ ਨੇ ਹਰਸ਼ਦੀਪ ਕੌਰ ਗੜ੍ਹਸ਼ੰਕਰ ਨੂੰ ਸੁਨੱਖੀ ਪੰਜਾਬਣ ਮੁਟਿਆਰ ਦੇ ਖਿਤਾਬ ਨਾਲ ਸਨਮਾਨਿਤ ਕਰ ਕੇ ਸੱਗੀ ਫੁੱਲ ਸ਼ਗਨ ਅਤੇ ਟਰਾਫੀ, ਨਿੰਮੀ ਬੈਂਸ ਪੀ. ਏ. ਯੂ. ਲੁਧਿਆਣਾ ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ ਸ਼ਗਨ ਅਤੇ ਟਰਾਫੀ, ਸ਼ਰਨਜੀਤ ਕੌਰ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਤੀਜੇ ਸਥਾਨ ਵਾਲੀ ਨੂੰ ਟਿੱਕਾ ਸ਼ਗਨ ਅਤੇ ਟਰਾਫੀ ਦਿੱਤੀ ਗਈ।

ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਪਤਨੀ ਸੁਹਿੰਦਰ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਧੀਆਂ ਨੂੰ ਵਧਾਈ ਦਿੱਤੀ ਕਿ ਤੁਸੀਂ ਪੰਜਾਬ ਦੀ ਵਾਗ ਡੋਰ ਹੋ ਅਤੇ ਪੰਜਾਬੀਅਤ ਨੂੰ ਹਮੇਸ਼ਾ ਹੀ ਇਸੇ ਤਰ੍ਹਾਂ ਸਾਂਭ ਕੇ ਰੱਖੋ। ਉਨ੍ਹਾਂ ਮੰਤਰੀ ਸਾਹਿਬ ਦੇ ਅਖਤਿਆਰੀ ਫੰਡ ’ਚੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਲੋਕ ਸੱਭਿਆਚਾਰਕ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ, ਸਰਪ੍ਰਸਤ ਬੀਬੀ ਅਮਰੀਕ ਕੌਰ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ, ਪਿੜ ਮੁੱਖ ਬੁਲਾਰੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮੁੱਖ ਸਲਾਹਕਾਰ ਡਾ. ਐੱਸ. ਯੂਸਫ, ਪਿੜ ਦੀ ਕੋਆਡੀਨੇਟਰ ਕੁਲਵਿੰਦਰ ਕੌਰ, ਡਾਇਰੈਕਟਰ ਡਾ. ਅਮਰਜੀਤ ਕੌਰ ਕਾਲਕਟ, ਵਿਸ਼ੇਸ਼ ਬੁਲਾਰੀ ਡਾ. ਰੁਪਿੰਦਰਜੀਤ ਕੌਰ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਵੱਖ-ਵੱਖ ਲੋਕ-ਕਲਾਵਾਂ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੀਆਂ ਮੁਟਿਆਰਾਂ ਸਟੇਜ ’ਤੇ ਪੁੱਜੀਆਂ ਤਾਂ ਸਰੋਤਿਆਂ ਨੇ ਅਕਾਸ਼ ਗੁੰਜਾਊ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦਾ ਫਰਜ਼ ਡਾ. ਰੁਪਿੰਦਰਜੀਤ ਕੌਰ ਗਿੱਲ, ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ. ਸੁਰਖਾਬ ਸ਼ੈਲੀ ਨੇ ਨਿਭਾਇਆ।
ਸੁਨੱਖੀ ਪੰਜਾਬਣ ਮੁਟਿਆਰ ਦੇ ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਕਿਰਨਦੀਪ ਕੌਰ, ਰਜਨੀਸ਼ ਕੌਰ, ਡਾ. ਕੁਲਵਿੰਦਰ ਕੌਰ ਸਰਾਂ ਨੇ ਨਿਭਾਈ। ਇਸ ਮੌਕੇ ਪੰਜਾਬ ਭਰ ’ਚੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਚੁੱਕੀਆਂ ਪੰਜਾਬ ਦੀਆਂ 5 ਨਾਮਵਰ ਸ਼ਖਸ਼ੀਅਤਾਂ ਬਲਰਾਜ, ਪ੍ਰੀਤ ਕੋਹਲੀ, ਨਵਜੋਤ ਕੌਰ, ਨੱਕਾਸ਼ ਚਿੱਤੇਵਾਣੀ ਅਤੇ ਰਾਜਬੀਰ ਸਿੰਘ ਟਾਡਾ ਨੂੰ ਪੁਰਸਕਾਰ ’ਚ ਕੈਂਠਾ, ਸਨਮਾਨ ਪੱਤਰ, ਦੁਸ਼ਾਲਾ ਅਤੇ ਪਿੜ ਦੀ ਨਿਸ਼ਾਨੀ ਟਰਾਫੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਿਵਧਾਇਕ ਬਰਿੰਦਰਮੀਤ ਿਸੰਘ ਪਾਹੜਾ ਨੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੁੰਦਿਆਂ ਪ੍ਰਬੰਧਕਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਅਖਤਿਆਰੀ ਫੰਡ ’ਚੋਂ 50,000 ਰੁਪਏ ਦੇਣ ਦਾ ਐਲਾਨ ਕੀਤਾ।
