ਖਨੌਰੀ ਵਿਖੇ ਅੱਜ ਦੁਪਹਿਰ ਤੱਕ ਹੋ ਜਾਵੇਗੀ ਆਵਾਜਾਈ ਬਹਾਲ : ਡੀ. ਆਈ. ਜੀ. ਸਿੱਧੂ

- ਪਟਿਆਲਾ : ਸ਼ੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਲੰਘੇ 400 ਦਿਨਾਂ ਤੋਂ ਚਲੇ ਆ ਰਹੇ ਪੱਕੇ ਮੋਰਚਿਆਂ ਨੂੰ ਖੁੱਲ੍ਹਵਾਉਣ ਤੋਂ ਬਾਅਦ ਅੱਜ ਸ਼ੰਭੂ ਬਾਰਡਰ ਵਿਖੇ ਆਵਾਜਾਈ ਬਹਾਲ ਹੋ ਗਈ ਹੈ। ਛੋਟੇ ਵਾਹਨਾਂ ਤੋਂ ਲੈ ਕੇ ਬੱਸਾਂ ਤੱਕ ਦੀ ਆਵਾਜਾਈ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਅਤੇ ਵਪਾਰੀਆਂ ਨੇ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਜਿਹੜੇ ਕਿ ਕੱਲ ਤੋਂ ਹੀ ਇਸ ਸਮੁੱਚੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਸਨ, ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼ੰਭੂ ਵਿਖੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਖਨੌਰੀ ਬਾਰਡਰ ਵਿਖੇ 21 ਮਾਰਚ ਨੂੰ ਦੁੁਪਹਿਰ ਤੱਕ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਖਨੌਰੀ ਬਾਰਡਰ ਵਿਖੇ ਬਹੁਤ ਸਾਰੀਆਂ ਟਰਾਲੀਆਂ ਅਤੇ ਅਸਥਾਈ ਘਰਾਂ ਨੂੰ ਹਟਾਇਆ ਜਾ ਚੁੱਕਾ ਹੈ ਤੇ ਇਹ ਕਾਰਵਾਈ ਅੱਜ ਸਾਰੀ ਰਾਤ ਜਾਰੀ ਰਹੇਗੀ।
ਦੂਜੇ ਪਾਸੇ ਡੀ. ਸੀ. ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਦੀ ਟੀਮ ਨਾਲ ਬਾਰਡਰਾਂ ਦਾ ਦੌਰਾ ਕਰ ਕੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਹੈ। - 2 ਘੰਟੇ ਦਾ ਰਸਤਾ ਸਿਰਫ਼ ਹੋਵੇਗਾ 10 ਮਿੰਟ ਵਿਚ ਤੈਅ
ਹੁਣ ਸ਼ੰਭੂ ਬਾਰਡਰ ਖੁੱਲ੍ਹਣ ਨਾਲ ਪੰਜਾਬ ਅਤੇ ਹੋਰ ਭਾਗਾਂ ਤੋਂ ਦਿੱਲੀ ਜਾਣ ਦਾ ਰਸਤਾ ਜੋਕਿ 2 ਘੰਟੇ ਵਿਚ ਤੈਅ ਹੋ ਰਿਹਾ ਸੀ। ਹੁਣ ਸਿਰਫ 10 ਮਿੰਟ ਵਿਚ ਤੈਅ ਹੋ ਜਾਵੇਗਾ। ਇਸ ਲਈ ਲੋਕਾਂ ਨੇ ਵਪਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। 400 ਦਿਨਾਂ ਤੋਂ ਚਲੇ ਆ ਰਹੇ ਇਸ ਧਰਨੇ ਕਾਰਨ ਵਪਾਰੀ ਵਰਗ ਦਾ ਵੀ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਫਿਰ ਪੰਜਾਬ ਦੀ ਪਟੜੀ ਆਰਥਿਕਤ ਤੌਰ ’ਤੇ ਲੀਹ ’ਤੇ ਪੈਣੀ ਸ਼ੁਰੂ ਹੋ ਜਾਵੇਗੀ।

ਸਾਰਾ ਦਿਨ ਚਲਿਆ ਪੁਲਸ ਸਰਚ ਆਪ੍ਰੇਸ਼ਨ
ਅੱਜ ਸਾਰਾ ਦਿਨ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਸਾਰਾ ਦਿਨ ਦੋਵੇਂ ਬਾਰਡਰਾਂ ’ਤੇ ਸਰਚ ਆਪ੍ਰੇਸ਼ਨ ਚਲਦਾ ਰਿਹਾ। ਪੁਲਿਸ ਅਧਿਕਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਉਪਰ ਆ ਕੇ ਆਪਣੇ ਟਰੈਕਟਰ ਟਰਾਲੀ ਦੀ ਪਛਾਣ ਦਸ ਕੇ ਪੁਲਿਸ ਦੇ ਰਜਿਸਟਰ ਵਿਚ ਨੋਟ ਕਰਵਾ ਕੇ ਲੈ ਕੇ ਜਾ ਸਕਦੇ ਹਨ ਅਤੇ ਬਹੁਤ ਸਾਰੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਵੀ ਲਿਜਾਂਦੇ ਦਿਖਾਈ ਦਿੱਤੇ ਗਏ।


