ਤਿੰਨ ਦੀ ਹਾਲਤ ਨਾਜ਼ੁਕ, ਲਾਪਤਾ ਲੋਕਾਂ ਦੀ ਭਾਲ ਜਾਰੀ
ਯੂਪੀ ਇਕ ਕਿਸ਼ਤੀ ਹਾਦਸਾ ਵਾਪਰਿਆ। ਸੀਤਾਪੁਰ ਵਿਚ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਸ਼ਾਰਦਾ ਨਦੀ ਵਿਚ ਪਲਟ ਗਈ। ਇਸ ਘਟਨਾ ਕਾਰਨ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਸਥਾਨਕ ਗੋਤਾਖੋਰਾਂ ਨੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿਤਾ। ਉਦੋਂ ਤਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਸੀ। ਤਿੰਨ ਲੋਕ ਗੰਭੀਰ ਜ਼ਖ਼ਮੀ ਹਨ। ਬਹੁਤ ਸਾਰੇ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਤੰਬੌਰ ਥਾਣਾ ਖੇਤਰ ਦੇ ਰਤਨਗੰਜ ਪਿੰਡ ਦੇ ਦਿਨੇਸ਼ ਗੁਪਤਾ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ। ਸ਼ਨੀਵਾਰ ਨੂੰ ਉਸ ਦਾ ਪਰਿਵਾਰ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਗਿਆ। ਪਰਿਵਾਰ ਅਤੇ ਸਥਾਨਕ ਲੋਕ ਲਾਸ਼ ਨੂੰ ਕਿਸ਼ਤੀ ਵਿਚ ਰੱਖ ਕੇ ਸ਼ਾਰਦਾ ਨਦੀ ਪਾਰ ਕਰ ਰਹੇ ਸਨ। ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਦੀ ਵਿਚਕਾਰ ਪਲਟ ਗਈ।
ਘਟਨਾ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਆਵਾਜ਼ ਸੁਣ ਕੇ ਨੇੜੇ ਕੰਮ ਕਰ ਰਹੇ ਲੋਕ ਨਦੀ ਦੇ ਕੰਢੇ ਇਕੱਠੇ ਹੋ ਗਏ, ਜਿਹੜੇ ਲੋਕ ਤੈਰਨਾ ਜਾਣਦੇ ਸਨ, ਉਨ੍ਹਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ। 6 ਲੋਕਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਨੀਰਜ ਦੀ ਪਤਨੀ ਖੁਸ਼ਬੂ, ਜਗਦੀਸ਼ ਦੇ ਪੁੱਤਰ ਸੰਜੇ ਅਤੇ 13 ਸਾਲਾ ਕੁਮਕੁਮ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਤਿੰਨਾਂ ਦੀ ਹਾਲਤ ਗੰਭੀਰ ਹੈ।
ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨਿਕ ਟੀਮ ਮੌਕੇ ’ਤੇ ਪਹੁੰਚ ਗਈ। ਟੀਮ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
