ਮੁਲਜ਼ਮ ਗਹਿਣੇ, ਨਕਦੀ ਤੇ ਕਾਰ ਲੁੱਟ ਕੇ ਫਰਾਰ
ਲੁਧਿਆਣਾ – : ਸ਼ਹਿਰ ’ਚ ਲੁਟੇਰਿਆਂ ਨੇ ਦੇਰ ਰਾਤ ਰੈਸਟੋਰੈਂਟ ’ਚੋਂ ਪਤਨੀ ਨਾਲ ਡਿਨਰ ਕਰ ਘਰ ਵਾਪਸ ਆ ਰਹੇ ‘ਆਪ’ ਨੇਤਾ ਨੂੰ ਘੇਰ ਲਿਆ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਨਕਦੀ, ਸੋਨੇ ਦੇ ਗਹਿਣੇ, ਮੋਬਾਇਲ ਅਤੇ ਰਿਟਸ ਕਾਰ ਲੁੱਟ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਪਤੀ-ਪਤਨੀ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ‘ਆਪ’ ਨੇਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਮਾਨਵੀ ਮਿੱਤਲ (33) ਵਜੋਂ ਹੋਈ ਹੈ, ਜਦੋਂਕਿ ਜ਼ਖਮੀ ਅਨੋਖ ਮਿੱਤਲ 34 ਸਾਲਾ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਅਤੇ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਨੋਖ ਮਿੱਤਲ ਨੌਲੱਖਾ ਕਾਲੋਨੀ ਦਾ ਰਹਿਣ ਵਾਲਾ ਹੈ, ਜੋ ਕਿ ਆਮ ਆਦਮੀ ਪਾਰਟੀ ਨਾਲ ਵੀ ਜੁੜਿਆ ਹੋਇਆ ਹੈ। ਉਸਦੀ ਢੋਲੇਵਾਲ ਦੇ ਨੇੜੇ ਮਿੱਤਲ ਟ੍ਰੇਡਰਜ਼ ਦੇ ਨਾਂ ਤੋਂ ਟਾਟਾ ਗ੍ਰੀਨ ਬੈਟਰੀ ਦੇ ਡਿਸਟ੍ਰੀਬਿਊਟਰ ਹਨ। ਉਸਦਾ ਕਰੀਬ 12 ਸਾਲ ਪਹਿਲਾ ਮਾਨਵੀ ਮਿੱਤਲ ਉਰਫ਼ ਲਿਕਸੀ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਸ਼ਨੀਵਾਰ ਦੀ ਰਾਤ ਅਨੋਖ ਆਪਣੀ ਪਤਨੀ ਲਿਕਸੀ ਨਾਲ ਡੇਹਲੋਂ ਇਲਾਕੇ ’ਚ ਸਥਿਤ ਵੀ.ਮੈਕਸ ’ਚ ਡਿਨਰ ਕਰਨ ਗਏ ਸਨ। ਜਦੋਂ ਉਹ ਦੇਰ ਰਾਤ ਕਰੀਬ 12 ਵਜੇ ਵਾਪਸ ਆ ਰਹੇ ਸਨ ਤਾਂ ਡੇਹਲੋਂ ਬਾਈਪਾਸ ’ਤੇ ਬਾਥਰੂਮ ਕਰਨ ਲਈ ਰੁਕੇ ਸਨ।
ਇਸ ਦੌਰਾਨ ਪੰਜ ਹਥਿਆਰਬੰਦ ਕਾਰ ਸਵਾਰ ਲੁਟੇਰੇ ਪਿੱਛਿਓਂ ਆਏ ਅਤੇ ਉਨ੍ਹਾਂ ਨੂੰ ਘੇਰ ਲਿਆ। ਲੁਟੇਰਿਆਂ ਨੇ ਆਉਂਦੇ ਹੀ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਦੋਵਾਂ ਦੇ ਪਾਏ ਹੋਏ ਕਰੀਬ 15 ਤੋਲਾ ਸੋਨੇ ਦੇ ਗਹਿਣੇ ਉਤਾਰ ਲਏ, 3 ਮੋਬਾਇਲ ਤੇ ਕਰੀਬ 50 ਹਜ਼ਾਰ ਨਗਦੀ ਲੁੱਟ ਲਈ। ਇਸ ਤੋਂ ਬਾਅਦ ਦੋਵਾਂ ਨੂੰ ਲਹੂ-ਲੁਹਾਨ ਹਾਲਤ ’ਚ ਸੜਕ ’ਤੇ ਸੁੱਟ ਕੇ ਉਨ੍ਹਾਂ ਦੀ ਰਿਟਸ ਕਾਰ ਲੁੱਟ ਕੇ ਫਰਾਰ ਹੋ ਗਏ।
ਕੁਝ ਹੀ ਦੁਰੀ ’ਤੇ ਇਕ ਢਾਬਾ ਸੀ। ਮਾਨਵੀ ਦੇ ਚੀਕਣ ਦੀ ਆਵਾਜ਼ ਸੁਣ ਕੇ ਢਾਬਾ ਮਾਲਕ ਨੇ ਪੁਲਸ ਨੂੰ ਸੂਚਨਾ ਦਿੱਤੀ। ਇਕ ਘੰਟਾ ਬਾਅਦ ਪੁਲਸ ਪੁੱਜੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਵਾਰਦਾਤ ਵਾਲੀ ਥਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮੁਲਜ਼ਮਾਂ ਦਾ ਪਤਾ ਲੱਗ ਸਕੇ।
ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
