ਤੜਕਸਾਰ ਮੰਡੀ ਜਾ ਰਹੇ 8 ਲੋਕਾਂ ਨੂੰ ਲੁੱਟਿਆ, 2 ਨੂੰ ਕੀਤਾ ਜ਼ਖਮੀ
ਗੁਰਦਾਸਪੁਰ – ਸਵੇਰੇ ਤੜਕਸਾਰ ਗੁਰਦਾਸਪੁਰ ਮੰਡੀ ਦੇ ਨੇੜੇ ਅਤੇ ਬਰਿਆਰ ਬਾਈਪਾਸ ਸਥਿਤ ਸੂਏ ਦੇ ਨੇੜੇ ਲੁਟੇਰਿਆਂ ਨੇ ਸਬਜ਼ੀ ਮੰਡੀ ਵਿਚ ਜਾਣ ਵਾਲੇ ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਹੈ, ਉਕਤ ਲੁੱਟ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਕਰੀਬ 8 ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਇਹ ਸਾਰੇ ਵਿਅਕਤੀ ਸਬਜ਼ੀ ਮੰਡੀ ਵਿਚ ਕੰਮ ਕਰਦੇ ਹਨ, ਜੋ ਸਵੇਰ ਵੇਲੇ ਆਪਣੇ ਕੰਮਾਂ ’ਤੇ ਸਬਜ਼ੀ ਮੰਡੀ ਵਿਚ ਜਾ ਰਹੇ ਸਨ।
ਲੁਟੇਰਿਆਂ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਜਿਥੇ ਹਜ਼ਾਰਾਂ ਦੀ ਨਕਦੀ ਅਤੇ ਤਿੰਨ ਮੋਬਾਇਲ ਲੁੱਟੇ ਹਨ, ਉਸ ਦੇ ਨਾਲ ਹੀ ਕੁੱਟਮਾਰ ਵੀ ਕੀਤੀ ਹੈ ਜਿਸ ਕਾਰਨ 2 ਵਿਅਕਤੀਆਂ ਨੂੰ ਸੱਟਾਂ ਲੱਗਣ ਕਾਰਨ ਹਸਪਤਾਲਾਂ ਵਿਚ ਦਾਖਲ ਕਰਵਾਇਆ ਹੈ।
ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਕੁਲਵਿੰਦਰ ਭੱਟੀ ਕੋਲੋਂ 5000 ਰੁਪਏ ਅਤੇ ਮੋਬਾਇਲ ਫੋਨ ਖੋਹਿਆ ਹੈ, ਜਦੋਂ ਕਿ ਈ-ਰਿਕਸ਼ਾ ਚਲਾਉਂਦੇ ਤਰਸੇਮ ਲਾਲ ਕੋਲੋਂ ਮੋਬਾਇਲ ਫੋਨ ਅਤੇ ਨਕਦੀ ਖੋਹੀ ਅਤੇ ਉਸਦੀ ਕੁੱਟਮਾਰ ਕਰਦਿਆਂ ਬਾਂਹ ਤੋੜੀ ਦਿੱਤੀ। ਸਟੈਨੋ ਵਜੋਂ ਰਿਟਾਇਰ ਹੋਏ ਸਰਦਾਰੀ ਲਾਲ ਨਾਲ ਲੁੱਟ ਖੋਹ ਕਰਦਿਆਂ ਉਸ ਦੀ ਕੁੱਟਮਾਰ ਕਰ ਕੇ ਲੱਤ ਤੋੜ ਦਿੱਤੀ, ਜਿਸ ਕਾਰਨ ਉਸ ਨੂੰ ਪਠਾਨਕੋਟ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਲੁਟੇਰਿਆਂ ਨੇ ਨਰੇਸ਼ ਕੁਮਾਰ ਨਾਮਕ ਸਬਜ਼ੀ ਮੰਡੀ ਦੇ ਮਜ਼ਦੂਰ ਕੋਲ ਕੋਈ ਕੀਮਤੀ ਵਸਤੂ ਨਾ ਮਿਲਣ ਕਾਰਨ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਲੁਟੇਰਿਆਂ ਨੇ ਕੰਤ ਕੁਮਾਰ ਨਾਮ ਦੇ ਸਬਜ਼ੀ ਮੰਡੀ ਦੇ ਮਜ਼ਦੂਰ ਕੋਲੋਂ 1600 ਰੁਪਏ ਖੋਹ ਕੇ ਵੀ ਉਸ ਨਾਲ ਕੁੱਟਮਾਰ ਕੀਤੀ ਜਦੋਂ ਕਿ ਰਿਕਸ਼ਾ ਚਾਲਕ ਕੋਲੋਂ 400 ਰੁਪਏ ਵੀ ਖੋਹ ਲਏ। ਸਬਜ਼ੀ ਮੰਡੀ ’ਚ ਤਾਲੇ, ਛੁਰੀਆਂ ਵੇਚਣ ਵਾਲੇ ਗਰੀਬ ਵਿਅਕਤੀ ਭੂਟੋ ਦਾ ਥੈਲਾ ਵੀ ਚੋਰ ਖੋਹ ਕੇ ਲੈ ਗਏ।
ਇਸ ਦੌਰਾਨ ਸਬਜ਼ੀ ਮੰਡੀ ਦੇ ਆੜ੍ਹਤੀ ਸਾਈਂ ਦਾਸ ਨੂੰ ਵੀ ਲੁਟੇਰਿਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲੁਟੇਰਿਆਂ ਕੋਲੋਂ ਬਚ ਕੇ ਨਿਕਲਣ ਵਿਚ ਸਫਲ ਰਿਹਾ। ਅੱਜ ਦੀਆਂ ਇਨ੍ਹੰ ਵਾਰਦਾਤਾਂ ਕਾਰਨ ਸ਼ਹਿਰ ਦੇ ਅੰਦਰ ਅਤੇ ਬਾਹਰ ਕੰਮ ਕਾਰ ਲਈ ਆਉਣ ਜਾਣ ਵਾਲਿਆਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
