4 ਪਿਸਟਲ 32 ਬੋਰ ਅਤੇ 1 ਪਿਸਤੌਲ, 315 ਬੋਰ ਦਾ ਕੱਟਾ, 21 ਰੌਂਦ ਬਰਾਮਦ : ਐੱਸ. ਐੱਸ. ਪੀ. ਡਾ. ਨਾਨਕ ਸਿੰਘ
ਪਟਿਆਲਾ – ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਸਮੇਤ ਕੁਲ 3 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਏ. ਐੱਸ. ਪੀ. ਵੈਭਵ ਚੌਧਰੀ ਦੇ ਨਿਰਦੇਸ਼ਾਂ ’ਤੇ ਕੀਤੀ ਕਾਰਵਾਈ ’ਚ ਦਿਲਦਾਰ ਖਾਨ ਉਰਫ ਦਿੱਲਾ ਬਨੂਡ਼ ਪੁੱਤਰ ਸਰੀਫ ਖਾਨ ਵਾਸੀ ਮੁਹੱਲਾ ਸੈਣੀਆਂ ਜ਼ਿਲਾ ਮੋਹਾਲੀ, ਕੁਲਵਿੰਦਰ ਸਿੰਘ ਮੋਫਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੋਫਰ ਜ਼ਿਲਾ ਮਾਨਸਾ ਅਤੇ ਮਨਿੰਦਰ ਸਿੰਘ ਉਰਫ ਲੱਡੂ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬਲਬੇੜਾ ਥਾਣਾ ਸਦਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 4 ਪਿਸਟਲ 32 ਬੋਰ ਅਤੇ 1 ਪਿਸਤੌਲ, 315 ਬੋਰ ਦਾ ਕੱਟਾ, ਕੁੱਲ 21 ਰੌਂਦ ਬਰਾਮਦ ਕੀਤੇ ਗਏ ਹਨ। ਇਨ੍ਹਾਂ ਖਿਲਾਫ ਪਹਿਲਾਂ ਕਤਲ, ਅਸਲਾ ਐਕਟ ਅਤੇ ਨਸ਼ਿਆਂ ਦੀ ਸਮੱਗਲਿੰਗ ਦੇ ਕੇਸ ਦਰਜ ਹਨ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਦਿਲਦਾਰ ਖਾਨ, ਜੋ ਕਿ (ਲੋਰੈਂਸ ਬਿਸ਼ਨੋਈ) ਗਰੁੱਪ ਦੇ ਦੀਪਕ ਉਰਫ ਦੀਪੂ ਬਨੂੜ ਦਾ ਨਜ਼ਦੀਕੀ ਸਾਥੀ ਹੈ, ਨੂੰ ਗ੍ਰਿਫਤਾਰ ਕੀਤਾ ਹੈ। ਉਸ ਪਾਸੋਂ 2 ਪਿਸਟਲ 32 ਬੋਰ ਸਮੇਤ 8 ਰੌਂਦ ਬਰਾਮਦ ਕੀਤੇ ਹਨ। ਉਸ ਦੇ ਖਿਲਾਫ ਸਾਲ 2020 ’ਚ ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਚੰਡੀਗਡ਼੍ਹ ਵਿਖੇ ਕੇਸ ਦਰਜ ਹਨ। ਇਨ੍ਹਾਂ ਦੋਵਾਂ ਕੇਸਾਂ ’ਚ ਇਹ ਸਜ਼ਾਯਾਫਤਾ ਹੈ।
ਇਸ ਨੇ ਆਪਣੇ ਸਾਥੀਆਂ ਨਾਲ ਰਲ ਕੇ 16 ਜੁਲਾਈ 2024 ਨੂੰ ਟੋਲ-ਪਲਾਜ਼ਾ ਬਨੂੜ ’ਤੇ ਠੇਕੇਦਾਰ ਹਰਪ੍ਰੀਤ ਸਿੰਘ ਦੇ ਸੱਟਾ ਮਾਰ ਕੇ ਜ਼ਖਮੀ ਕੀਤਾ ਸੀ। ਇਸ ਕੇਸ ’ਚ ਇਰਾਦਾ ਕਤਲ ਦੇ ਕੇਸ ’ਚ ਉਹ ਬਨੂੜ ਪੁਲਸ ਲੌਂੜੀਦਾ ਸੀ। ਸੀ. ਆਈ. ਏ. ਪਟਿਆਲਾ ਦੀ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਦਿਲਦਾਰ ਖਾਨ ਉਰਫ ਦਿੱਲਾ ਨੂੰ ਅਬਚਲ ਨਗਰ ਫੋਕਲ ਪੁਆਇਟ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਥਾਣਾ ਅਨਾਜ ਮੰਡੀ ’ਚ ਕੇਸ ਦਰਜ ਕੀਤਾ ਗਿਆ ਹੈ।
ਦੂਜੇ ਕੇਸ ’ਚ ਕੁਲਵਿੰਦਰ ਸਿੰਘ ਮੋਫਰ, ਜੋ ਕਿ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐੱਸ. ਕੇ. ਖਰੋੜ ਅਤੇ ਉਸ ਦੇ ਗੈਂਗ ਦੇ ਹੋਰ ਸਾਥੀਆਂ ਦਾ ਐੱਫ. ਆਰ. ਆਈ. ਨੰਬਰ 287/21 ਥਾਣਾ ਸਿਵਲ ਲਾਈਨ ਪਟਿਆਲਾ ’ਚ ਕੇਸਵਾਲ ਹੈ। ਇਸ ਦਾ ਸਬੰਧ ਵੀ ਐੱਸ. ਕੇ. ਖਰੋੜ ਗੈਂਗ ਨਾਲ ਹੈ। ਇਸ ਤੋਂ ਬਿਨ੍ਹਾਂ ਇਹ ਨਾਭਾ ਜੇਲ ਬ੍ਰੇਕ ਦੇ ਮੁੱਖ ਕਥਿਤ ਦੋਸ਼ੀ ਕੁਲਪ੍ਰੀਤ ਸਿੰਘ ਨੀਟਾ ਦਿਓਲ ਨਾਲ ਵੀ ਸੰਪਰਕ ’ਚ ਹੈ। ਕੁਲਵਿੰਦਰ ਸਿੰਘ ਮੋਫਰ ਨੂੰ ਬਾਈਪਾਸ ਡੀ. ਸੀ. ਡਬਲਯੂ. ਪੁਲ ਦੇ ਥੱਲਿਓਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ 2 ਪਿਸਟਲ 32 ਸਮੇਤ 10 ਰੌਂਦ ਬਰਾਮਦ ਕੀਤੇ।
ਤੀਜੇ ਕੇਸ ’ਚ ਮਨਿੰਦਰ ਸਿੰਘ ਉਰਫ ਲੱਡੂ ਖਿਲਾਫ ਮੁਕੱਦਮਾ ਥਾਣਾ ਸਨੌਰ ’ਚ ਕੇਸ ਦਰਜ ਕਰ ਕੇ ਉਸ ਨੂੰ ਅੱਧ ਵਾਲਾ ਪੀਰ ਸਨੌਰ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਉਸ ਤੋਂ ਇਕ ਦੇਸੀ ਪਿਸਤੌਲ 315 ਬੋਰ ਸਮੇਤ 3 ਰੌਂਦ ਬਰਾਮਦ ਹੋਏ ਹਨ।
ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ’ਚ ਦਿਲਦਾਰ ਖਾਨ ਉਰਫ ਦਿੱਲਾ ਅਤੇ ਕੁਲਵਿੰਦਰ ਸਿੰਘ ਮੋਫਰ ਦੇ ਗੈਂਗਸਟਰਾਂ ਨਾਲ ਨੇੜਲੇ ਸਬੰਧ ਰਹੇ ਹਨ। ਦਿਲਦਾਰ ਖਾਨ , ਜੋ ਕਿ ਇਰਾਦਾ ਕਤਲ ਕੇਸ ’ਚ ਪਟਿਆਲਾ ਪੁਲਸ ਨੂੰ ਲੌਖੀਦਾ ਸੀ। ਮਨਿੰਦਰ ਸਿੰਘ ਉਰਫ ਲੱਡੂ ਉਕਤ ਆਦਿ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਤੋਂ ਬਰਾਮਦ ਹੋਏ ਅਸਲੇ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਏ. ਸੀ. ਪੀ. ਇਨਵੈਸਟੀਗੇਸ਼ਨ ਵੈਭਵ ਚੌਧਰੀ ਅਤੇ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
