3 ਵਿਦੇਸ਼ੀ ਪਿਸਤੌਲਾਂ ਅਤੇ 20 ਜ਼ਿੰਦਾਂ ਰੌਂਦ ਵੀ ਬਰਾਮਦ
ਸ੍ਰੀ ਮੁਕਤਸਰ ਸਾਹਿਬ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਮਨਮੀਤ ਸਿੰਘ ਢਿੱਲੋਂ ਐੱਸ. ਪੀ. (ਡੀ) ਅਤੇ ਰਮਨਪ੍ਰੀਤ ਸਿੰਘ ਗਿੱਲ ਡੀ. ਐੱਸ. ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 3 ਵਿਦੇਸ਼ੀ ਪਿਸਤੌਲਾਂ , 20 ਜ਼ਿੰਦਾਂ ਰੌਂਦਾਂ ਅਤੇ ਇਕ ਮੋਬਾਈਲ ਫ਼ੋਨ ਸਮੇਤ ਸਿਮ ਬਰਾਮਦ ਕੀਤਾ ਹੈ।
ਡਾ. ਅਖਿਲ ਚੌਧਰੀ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਸੀ. ਆਈ. ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਗਸ਼ਤ ਦੌਰਾਨ ਫ਼ਿਰੋਜ਼ਪੁਰ ਰੋੜ, ਨੇੜੇ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ, ਜਿਨ੍ਹਾਂ ਆਪਣਾ ਨਾਮ ਰਵੀ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਅਤੇ ਅਵਤਾਰ ਸਿੰਘ ਉਰਫ਼ ਲੱਬਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਦੱਸਿਆ। ਜਿਨ੍ਹਾਂ ਦੀ ਤਲਾਸ਼ੀ ਕਰਨ ’ਤੇ ਇਕ ਪਿਸਤੌਲ, ਜਿਸਦੇ ਮੈਗਜ਼ੀਨ ਵਿਚ ਰੌਂਦ ਲੋਡ ਸੀ ਅਤੇ 10 ਜ਼ਿੰਦਾ ਰੌਂਦ ਬਰਾਮਦ ਹੋਏ। ਦੂਸਰੇ ਨੌਜਵਾਨ ਦੇ ਬੈਗ ’ਚੋਂ 2 ਹੋਰ ਪਿਸਤੌਲ ਸਮੇਤ ਇਕ ਮੈਗਜ਼ੀਨ ਅਤੇ 10 ਜ਼ਿੰਦਾ ਰੌਂਦ ਬਰਾਮਦ ਹੋਏ। ਤਿੰਨੇ ਹੀ ਪਿਸਤੌਲ ਵਿਦੇਸ਼ੀ ਸਨ।
ਉਕਤ ਮੁਲਜਮਾਂ ਨੂੰ ਤਿੰਨ ਵਿਦੇਸ਼ੀ ਪਿਸਤੌਲਾਂ ਅਤੇ ਮੋਬਾਈਲ ਫ਼ੋਨ ਅਤੇ ਸਿਮ ਸਮੇਤ ਕਾਬੂ ਕਰ ਕੇ ਇਨ੍ਹਾਂ ਵਿਰੁੱਧ ਮੁਕੱਦਮਾ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਤਫ਼ਤੀਸ਼ ਵਿਚ ਪਤਾ ਲੱਗਾ ਕਿ ਇਹ ਦੋਵੇਂ ਅਨਸਰ ਲਾਰੈਂਸ ਬਿਸ਼ਨੋਈ ਗੁਰੱਪ ਦੇ ਗੁਰਗੇ ਸਚਿਨ ਚੜੇਵਾਨ ਨਾਲ ਸਬੰਧ ਰੱਖਦੇ ਸਨ, ਜਿਸ ’ਤੇ ਰਵੀ ਕੁਮਾਰ ਅਤੇ ਅਵਤਾਰ ਸਿੰਘ ਉਰਫ਼ ਲੱਬਾ ਬਾਬਾ ਉਕਤਾਨ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿਥੇ ਪੁਲਿਸ ਨੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
